ਹਲਕੀ ਹਲਕੀ ਕਿਣਮਿਣ ’ਚ ਸੰਗਤਾਂ ਨੇ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ

07/10/2020 10:33:25 AM

ਅੰਮ੍ਰਿਤਸਰ (ਅਨਜਾਣ) : ਹਲਕੀ-ਹਲਕੀ ਕਿਣਮਿਣ ’ਚ ਤੇ ਠੰਢੀ-ਠੰਢੀ ਹਵਾ ਦੇ ਸੁਹਾਵਣੇ ਮੌਸਮ ’ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ। ਪਰ ਪਹਿਲਾਂ ਨਾਲੋਂ ਵੀਰਵਾਰ ਸੰਗਤਾਂ ਦੀ ਆਮਦ ਘੱਟ ਦਿਖਾਈ ਦਿੱਤੀ। ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਣ ਉਪਰੰਤ ਸੰਗਤਾਂ ਬੇਨਤੀ ਰੂਪੀ ਸ਼ਬਦ ਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਦਰਸ਼ਨਾ ਲਈ ਪੁੱਜੀਆਂ। ਇਸ ਤੋਂ ਪਹਿਲਾਂ ਪਹਿਰ ਰਾਤ ਸੰਗਤਾਂ ਵਲੋਂ ਦਰਸ਼ਨੀ ਡਿਓੜੀ ਦੇ ਮੁੱਖ ਦੁਆਰ ਦੇ ਬਾਹਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ ’ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਸੰਗਤਾਂ ਦੇ ਸਵੱਯੇ ਉਚਾਰਣ ਕਰਨ ਉਪਰੰਤ ਗ੍ਰੰਥੀ ਸਿੰਘ ਵਲੋਂ ਮੁੱਖ ਵਾਕ ਲਿਆ ਗਿਆ, ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਸੰਗਤਾਂ ਨੇ ਠੰਢੇ-ਮਿੱਠੇ ਜਲ ਦੀ ਸੇਵਾ ਕੀਤੀ ਤੇ ਜਲ ਛਕੇ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨੀ ਡਿਓੜੀ ਦੇ ਜੰਗਲੇ ਸਾਫ਼ ਕੀਤੇ ਗਏ ਤੇ ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਇਲਾਵਾ ਜੋੜੇ ਘਰ ਤੇ ਲੰਗਰ ਹਾਲ ਵਿਖੇ ਸੇਵਾ ਕੀਤੀ। ਸਾਰਾ ਦਿਨ ਅਥਾਹ ਗੁਰੂ ਕੇ ਲੰਗਰ ਚੱਲੇ।

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਵਿਸ਼ਵ ਦੇ ਭਲੇ ਦੀ ਅਰਦਾਸ 
ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ ਗਈਆਂ। ਗ੍ਰੰਥੀ ਸਿੰਘ ਵਲੋਂ ਹੁਕਮਨਾਮਾ ਲੈਣ ਉਪਰੰਤ ਅਰਦਾਸ ਹੋਈ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਜਗਬਾਣੀ/ਪੰਜਾਬ ਕੇਸਰੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀ: ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਏਸ ਸਮੇਂ ਕੋਰੋਨਾ ਦਾ ਭਿਆਨਕ ਦੌਰ ਚੱਲ ਰਿਹਾ ਹੈ। ਮੇਰੀ ਮੀਰੀ-ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਅੱਗੇ ਅਰਦਾਸ ਜੋਦੜੀ ਹੈ ਕਿ ਉਹ ਰਹਿਮਤ ਦੀ ਛਾਇਆ ਸਭ ਦੇ ਸਿਰ ‘ਤੇ ਰੱਖਣ ਤੇ ਪੂਰੇ ਵਿਸ਼ਵ ਨੂੰ ਇਸ ਅਲਾਮਤ ਤੋਂ ਛੁਕਟਾਰਾ ਦਿਵਾਉਣ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਨੂੰ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਜ਼ਰੂਰਤ ਹੈ। ਸੰਗਤਾਂ ਜਿੱਥੇ ਦੂਰ-ਦੁਰਾਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਨੇ ਉਥੇ ਇਹਤਿਆਦ ਵਰਤਦੇ ਹੋਏ ਫਾਸਲਾ ਰੱਖ ਕੇ, ਮਾਸਕ ਪਹਿਣ ਕੇ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅਧਿਕਾਰੀਆਂ ਵਲੋਂ ਇਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸੰਗਤਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਹਨ।

ਇਹ ਵੀ ਪੜ੍ਹੋਂ : ਇਨਸਾਨੀਅਤ ਸ਼ਰਮਸਾਰ: ਹਵਸ ਦੇ ਅੰਨ੍ਹੇ ਨੇ 7 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ


Baljeet Kaur

Content Editor

Related News