ਸ੍ਰੀ ਦਰਬਾਰ ਸਾਹਿਬ ਦੀ ਚਮਕ ਹੋਵੇਗੀ ਦੁੱਗਣੀ, ਸੇਵਾ ਸ਼ੁਰੂ
Friday, Mar 13, 2020 - 02:07 PM (IST)
ਅੰਮ੍ਰਿਤਸਰ (ਅਣਜਾਣ) : ਗੁਰੂ ਨਾਨਕ ਨਿਸ਼ਕਾਮ ਜਥਾ (ਯੂ. ਕੇ.) ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਭਵਨ 'ਤੇ ਲੱਗੇ ਗੁੰਬਦਾਂ ਅਤੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਕਾਰਸੇਵਾ ਅਰਦਾਸ ਉਪਰੰਤ ਆਰੰਭ ਕੀਤੀ ਗਈ। ਜਥੇ ਦੇ ਪ੍ਰਬੰਧਕ ਭਾਈ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਕਾਰਸੇਵਾ 'ਚ ਬਰਮਿੰਘਮ ਦੇ ਸਿੱਖਾਂ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ। ਇਹ ਕਾਰਸੇਵਾ ਲਗਭਗ ਇਕ ਹਫ਼ਤਾ ਚੱਲੇਗੀ। ਉਨ੍ਹਾਂ ਦੱਸਿਆ ਕਿ ਰੀਠੇ ਨੂੰ ਗਰਮ ਪਾਣੀ 'ਚ ਕਈ ਘੰਟੇ ਉਬਾਲ ਕੇ ਉਸ ਵਿਚ ਨਿੰਬੂ ਦਾ ਰਸ ਮਿਲਾ ਕੇ ਠੰਡਾ ਹੋਣ ਉਪਰੰਤ ਇਸ ਨੂੰ ਸੋਨੇ ਦੇ ਪੱਤਰਿਆਂ ਅਤੇ ਗੁੰਬਦਾਂ 'ਤੇ ਹੱਥਾਂ ਨਾਲ ਮਲ਼ਿਆ ਜਾਂਦਾ ਹੈ, ਬਾਅਦ 'ਚ ਇਸ ਦੀ ਧੁਆਈ ਕਰ ਦਿੱਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਸੋਨਾ ਚੜ੍ਹਾਉਣ ਦੀ ਸੇਵਾ ਸਭ ਤੋਂ ਪਹਿਲਾਂ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਉਸ ਤੋਂ ਬਾਅਦ 1995 'ਚ ਬਾਬਾ ਮਹਿੰਦਰ ਸਿੰਘ ਯੂ. ਕੇ. ਦੀ ਅਗਵਾਈ ਵਾਲੇ ਜਥੇ ਨੂੰ ਇਹ ਕਾਰਸੇਵਾ ਸੌਂਪੀ ਗਈ, ਜਿਨ੍ਹਾਂ ਵੱਲੋਂ 1999 'ਚ ਇਸ ਕਾਰਸੇਵਾ ਨੂੰ ਮੁਕੰਮਲ ਕੀਤਾ ਗਿਆ ਸੀ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੁਆਈ ਦੀ ਸੇਵਾ ਖੁਦ ਆਪਣੇ ਹੱਥ 'ਚ ਲੈਣ ਕਾਰਣ ਇਹ ਸੇਵਾ 5 ਸਾਲ ਤੱਕ ਲਟਕੀ ਰਹੀ ਤੇ ਮੁੜ 2016 'ਚ ਇਹ ਸੇਵਾ ਬਰਮਿੰਘਮ ਦੇ ਜਥੇ ਨੂੰ ਸੌਂਪ ਦਿੱਤੀ ਗਈ ਤੇ ਉਨ੍ਹਾਂ 15 ਮਾਰਚ 2017 ਨੂੰ ਇਹ ਸੇਵਾ ਕੀਤੀ। ਹੁਣ ਫਿਰ ਇਹ ਸੇਵਾ ਬਰਮਿੰਘਮ ਦਾ ਜਥਾ ਹੀ ਨਿਭਾ ਰਿਹਾ ਹੈ।