ਪਾਕਿ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਗੁਰੁਦਆਰਾ ਰੋੜੀ ਸਾਹਿਬ ਦੇ ਕੀਤੇ ਦਰਸ਼ਨ
Monday, Jul 01, 2019 - 12:18 PM (IST)

ਅੰਮ੍ਰਿਤਸਰ (ਦੀਪਕ) : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਅੱਜ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕੀਤੇ। ਗੁਰਦੁਆਰਾ ਰੋੜੀ ਸਾਹਿਬ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਹੈ। ਇਥੇ ਗੁਰੂ ਸਾਹਿਬ ਜੀ ਨੇ ਭਾਈ ਲਾਲੋ ਨੂੰ ਮਿਲ ਕੇ ਕਿਰਤ-ਕਮਾਈ ਨੂੰ ਵਡਿਆਈ ਬਖਸ਼ੀ ਸੀ ਅਤੇ ਲੋਕਾਈ ਨੂੰ ਕਿਰਤ ਨਾਲ ਜੁੜਨ ਦਾ ਉਪਦੇਸ਼ ਦਿੱਤਾ ਸੀ।
ਜਥੇ 'ਚ ਸ਼ਾਮਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਐਮਨਾਬਾਦ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇ 'ਚ ਸ਼ਾਮਲ ਸੰਗਤ ਨੇ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ 'ਤੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਅਤੇ ਕੀਰਤਨ ਸਰਵਣ ਕੀਤਾ। ਉਨ੍ਹਾਂ ਦੱਸਿਆ ਕਿ ਇਥੇ ਪੁੱਜਣ 'ਤੇ ਸੰਗਤ ਦਾ ਭਰਵਾਂ ਸਵਾਗਤ ਹੋਇਆ। ਡਾ. ਰੂਪ ਸਿੰਘ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਸੰਗਤ ਲਈ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਗੁਰ-ਅਸਥਾਨ ਦੀ ਮਹਾਨਤਾ ਮਿਹਨਤ ਦੀ ਘਾਲ ਨਾਲ ਜੁੜੀ ਹੋਈ ਹੈ ਕਿਉਂਕਿ ਗੁਰੂ ਸਾਹਿਬ ਵੱਲੋਂ ਹੱਥੀਂ ਕਿਰਤ ਕਰਨ ਦਾ ਦਿੱਤਾ ਗਿਆ ਸਿਧਾਂਤ ਇਥੇ ਹੋਰ ਦ੍ਰਿੜ੍ਹ ਹੋਇਆ ਸੀ। ਗੁਰੂ ਘਰ ਵਿਖੇ ਖੂਬਸੂਰਤ ਹਰਿਆਵਲ ਨਾਲ ਭਰਪੂਰ ਵਾਤਾਵਰਣ ਸੰਗਤ ਨੂੰ ਸਕੂਨ ਦੇਣ ਵਾਲਾ ਹੈ। ਡਾ. ਰੂਪ ਸਿੰਘ ਕਿਹਾ ਕਿ ਬੇਸ਼ੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਛੋਟੀ ਹੈ ਪਰ ਜਿਹੜਾ ਉਪਦੇਸ਼ ਲੋਕਾਈ ਨੂੰ ਗੁਰੂ ਸਾਹਿਬ ਨੇ ਇਥੋਂ ਦਿੱਤਾ, ਉਹ ਵੱਡੇ ਮਹੱਤਵ ਵਾਲਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਆਗੂ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂਹ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਗ੍ਰੰਥੀ ਸਿੰਘ ਤੇ ਰਾਗੀ ਜਥੇ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ।