ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਕੀਤਾ ਗਿਆ ਸੀਲ, ਜਾਣੋ ਵਜ੍ਹਾ

Wednesday, Jul 15, 2020 - 10:58 AM (IST)

ਅੰਮ੍ਰਿਤਸਰ (ਅਨਜਾਣ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਫੋਨ 'ਤੇ ਗੱਲਬਾਤ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਲੇ ਹੁਕਮ ਅਨੁਸਾਰ ਇਹ ਰਿਕਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀ. ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਪਬਲੀਕੇਸ਼ਨ ਵਿਭਾਗ ਦੇ ਨਵੇਂ ਇੰਚਾਰਜ ਗੁਰਨਾਮ ਸਿੰਘ ਤੇ ਦਫ਼ਤਰ ਸਕੱਤਰੇਤ ਦੇ ਰਿਕਾਰਡ ਕੀਪਰ ਗੁਰਿੰਦਰ ਸਿੰਘ ਭੋਮਾ ਤੇ ਕੰਪਿਊਟਰ ਆਪਰੇਟਰ ਚਰਨਦੀਪ ਸਿੰਘ ਦੀ ਹਾਜ਼ਰੀ ਵਿੱਚ ਸੀਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋਂ : ਪੰਜਾਬ ਨਹੀਂ ਰੁਕ ਰਿਹਾ ਵਾਰਦਾਤਾਂ ਦਾ ਸਿਲਸਿਲਾ, ਹੁਣ 2 ਬੱਚਿਆਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ

ਦੱਸ ਦੇਈਏ ਕਿ 2016 ਵਿੱਚ ਗੁਰਦੁਆਰਾ ਸ੍ਰੀ ਰਾਮਸਾਰ ਸਾਹਿਬ ਵਿਖੇ ਅੱਗਜਨੀ ਦੀ ਘਟਨਾ ਕਾਰਨ ਕੁਝ ਸਰੂਪ ਅਗਨ ਭੇਟ ਹੋ ਗਏ ਸਨ ਤੇ ਕੁਝ ਅੱਗ ਬੁਝਾਉਂਦੇ ਸਮੇਂ ਪਾਣੀ ਨਾਲ ਵੀ ਖਰਾਬ ਹੋ ਗਏ ਸਨ। ਪਰ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਸਰੂਪਾਂ ਬਾਰੇ ਜਾਣਕਾਰੀ ਨਾ ਦਿੰਦਿਆਂ ਇਸ ਗੱਲ ਨੂੰ ਲੁਕਾ ਕੇ ਰੱਖਿਆ ਗਿਆ। ਹੁਣ ਜਦ ਪਬਲੀਕੇਸ਼ਨ ਵਿਭਾਗ ਦਾ ਇਕ ਕਵਲਜੀਤ ਸਿੰਘ ਨਾਂ ਦਾ ਕਰਮਚਾਰੀ ਰਿਟਾਇਰ ਹੋ ਚੁੱਕਾ ਹੈ ਤਾਂ ਉਸ ਦੇ ਪ੍ਰਾਵੀਡੈਂਟ ਫੰਡ 'ਚੋਂ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਰੂਪਾਂ ਦੀ ਪੂਰਤੀ ਕਰਨੀ ਚਾਹੀ ਤਾਂ ਉਸ ਨੇ ਸਾਰਾ ਖੁਲਾਸਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਖੁਰਦ-ਬੁਰਦ ਹੋਏ ਹਨ, ਜਿਨ੍ਹਾਂ 'ਚੋਂ ਕੁਝ ਬਿਨਾਂ ਰਿਕਾਰਡ ਦੇ ਇਕ ਡੇਰੇ ਵੀ ਪਹੁੰਚਾਏ ਗਏ ਹਨ ਉਹ ਵੀ ਉਸ ਡੇਰੇ ਵਿੱਚ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨਹੀਂ ਮੰਨੀ ਜਾਂਦੀ। ਇਸ ਤੋਂ ਬਾਅਦ ਜਦ ਸਿੱਖ ਕੌਮ ਵਿੱਚ ਭਾਰੀ ਰੋਸ ਨਾਲ ਬਵਾਲ ਖੜ੍ਹਾ ਹੋਇਆ ਤਾਂ ਕੁਝ ਜਥੇਬੰਦੀਆਂ ਨੇ ਇਸ ਦਾ ਪੁਰਜੋਰ ਵਿਰੋਧ ਕੀਤਾ। ਜਿਸ 'ਤੇ ਇਕ ਪੜਤਾਲੀਆ ਸਬ-ਕਮੇਟੀ ਬਣਾਈ ਗਈ ਪਰ ਕੁਝ ਜਥੇਬੰਦੀਆਂ ਦੇ ਵਿਰੋਧ ਕਰਨ 'ਤੇ ਕਿ ਇਸ ਪੜਤਾਲੀਆ ਕਮੇਟੀ ਵਿੱਚ ਉਹ ਅਧਿਕਾਰੀ ਤੇ ਮੈਂਬਰ ਸ਼ਾਮਿਲ ਹਨ ਜੋ ਇਸ ਕਾਰਜ 'ਚ ਖੁਦ ਮੌਜੂਦ ਸਨ। ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਤੱਤਕਾਲੀ ਕਾਰਜਕਾਰਣੀ ਦੀ ਮੀਟਿੰਗ ਬੀਤੇ ਦਿਨੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਬੁਲਵਾ ਕੇ ਇਹ ਕਾਰਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਰੀਟਾਇਰਡ ਜੱਜ ਜਾਂ ਕਿਸੇ ਬੇਦਾਗ ਸਿੱਖ ਬੁੱਧੀਜੀਵੀ ਤੋਂ ਕਰਵਾਉਣ ਲਈ ਕਾਰਜਕਾਰਣੀ 'ਚ ਮਤਾ ਪਾ ਕੇ ਸੌਂਪ ਦਿੱਤਾ ਗਿਆ। ਨਿੱਜੀ ਸਹਾਇਕ ਨੇ ਦੱਸਿਆ ਕਿ ਅੱਜ ਦੀ ਕਾਰਵਾਈ 'ਚ ਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਸੀਲ ਕਰਕੇ ਅਲਮਾਰੀ ਨੂੰ ਨਵਾਂ ਕੁੰਡਾ ਲੁਆ ਕੇ ਦੋ ਜਿੰਦਰੇ ਮਾਰ ਕੇ ਕਮਰੇ ਸਮੇਤ ਸੀਲ ਕਰ ਦਿੱਤਾ ਗਿਆ ਹੈ ਤੇ ਬਾਹਰ ਨਿਗਰਾਨੀ ਲਈ ਦੋ ਟਾਸਕ ਫੋਰਸ ਦੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।

ਇਹ ਵੀ ਪੜ੍ਹੋਂ : ਧੋਖੇ ਨਾਲ ਜਨਾਨੀ ਨੇ ਬੱਚੀ ਨੂੰ ਨੌਜਵਾਨ ਹਵਾਲੇ ਕਰ ਕਰਵਾਇਆ ਗਲਤ ਕੰਮ


Baljeet Kaur

Content Editor

Related News