SGPC ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਦਿੱਤੀਆ ਜਾ ਰਹੀਆਂ ਨੇ ਖਾਸ ਸਹੂਲਤਾਂ

12/08/2019 9:26:02 AM

ਅੰਮ੍ਰਿਤਸਰ (ਦੀਪਕ) : ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਹਦਾਇਤਾਂ ਮੁਤਾਬਕ ਅੱਜ 1500 ਪਟਕੇ, 2 ਹਰਮੋਨੀਅਮ, ਇਕ ਤਬਲਾ ਤੇ ਹੋਰ ਸਾਮਾਨ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਥੋਂ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੂੰ ਸੌਂਪਿਆ ਗਿਆ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਵਲੋਂ ਗੁਰਦੁਆਰੇ 'ਚ ਕਿਸੇ ਵੀ ਕਿਸਮ ਦੀ ਲੋੜ ਅਨੁਸਾਰ ਚੀਜ਼ ਐੱਸ. ਜੀ. ਪੀ. ਸੀ. ਭਾਰਤ-ਪਾਕਿ ਸਰਹੱਦ ਰਾਹੀਂ ਰਵਾਨਾ ਕਰਨ ਲਈ ਵਚਨਬੱਧ ਹੈ। ਅੱਜ 1500 ਪਟਕੇ ਗੈਰ-ਸਿੱਖ ਸ਼ਰਧਾਲੂਆਂ ਲਈ ਭੇਜੇ ਗਏ। ਇਕ ਰਾਗੀ ਜਥਾ ਪ੍ਰਮੁੱਖ ਹਜ਼ੂਰੀ ਰਾਗੀ ਭਾਈ ਸ਼ੁਕੀਨ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 16 ਦਸੰਬਰ ਨੂੰ ਰਵਾਨਾ ਹੋਵੇਗਾ, ਉਨ੍ਹਾਂ ਲਈ 2 ਹਰਮੋਨੀਅਮ ਤੇ ਇਕ ਤਬਲਾ ਸ਼੍ਰੋਮਣੀ ਕਮੇਟੀ ਵਲੋਂ ਕਰਤਾਰਪੁਰ ਸਾਹਿਬ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੋ ਵੀ ਮੰਗ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਵੱਲੋਂ ਆਵੇਗੀ, ਉਸ ਅਨੁਸਾਰ ਉਥੇ ਸਾਮਾਨ ਭੇਜਿਆ ਜਾਵੇਗਾ।

ਕੁਲਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਜੋ ਵੀ ਸ਼ਰਧਾਲੂ ਰੋਜ਼ਾਨਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਜਾਂਦੇ ਹਨ, ਉਹ ਪਾਕਿਸਤਾਨ 'ਚ ਟਮਾਟਰ ਤੇ ਅਦਰਕ ਭਾਰਤ ਵਲੋਂ ਆਪਣੇ ਨਾਲ ਲੈ ਕੇ ਜਾਂਦੇ ਹਨ। ਇਸ ਕਰ ਕੇ ਉਥੋਂ ਦੇ ਲੰਗਰ 'ਚ ਟਮਾਟਰ ਤੇ ਅਦਰਕ ਦੇ ਅੰਬਾਰ ਲੱਗੇ ਹੋਏ ਹਨ। ਹੁਣ ਤੱਕ 2 ਕੁਇੰਟਲ ਦੇ ਕਰੀਬ ਸੰਗਤ ਵਲੋਂ ਗੁਰਦੁਆਰੇ ਦੇ ਲੰਗਰ ਲਈ ਦਾਲ ਲਿਜਾਈ ਜਾ ਚੁੱਕੀ ਹੈ। ਗੁਰਦੁਆਰੇ ਦੇ ਹੈੱਡ ਗ੍ਰੰਥੀ ਨੇ ਸੁਨੇਹਾ ਭੇਜਿਆ ਹੈ ਕਿ ਹੁਣ ਕਰਤਾਰਪੁਰ ਸਾਹਿਬ ਟਮਾਟਰ ਅਤੇ ਅਦਰਕ ਨਾ ਭੇਜੇ ਜਾਣ। ਜ਼ਿਕਰਯੋਗ ਹੈ ਕਿ ਸਰਹੱਦ ਪਾਰ ਜਾਣ ਵਾਲੇ ਹਰ ਸ਼ਰਧਾਲੂ ਨੂੰ ਕਰੀਬ 7 ਕਿਲੋ ਤੱਕ ਸਾਮਾਨ ਲਿਜਾਣ ਦੀ ਇਜਾਜ਼ਤ ਹੈ ਪਰ ਸੰਗਤ ਭਾਰਤ ਤੋਂ ਟਮਾਟਰ, ਅਦਰਕ ਤੇ ਹੋਰ ਕਈ ਸਬਜ਼ੀਆਂ ਕਰਤਾਰਪੁਰ ਦੇ ਲੰਗਰ ਲਈ ਲੈ ਕੇ ਲਗਾਤਾਰ ਜਾ ਰਹੀਆਂ ਹਨ, ਜਿਸ ਕਾਰਣ ਉਥੇ ਕਾਫੀ ਸਟਾਕ ਜਮ੍ਹਾ ਹੋ ਚੁੱਕਾ ਹੈ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਪਾਕਿਸਤਾਨ ਦੇ ਸ਼ਰਧਾਲੂ ਸੇਵਾ ਕਰ ਕੇ ਚਲਾ ਰਹੇ ਹਨ, ਆਉਣ ਵਾਲੇ ਦਿਨਾਂ 'ਚ ਐੱਸ. ਜੀ. ਪੀ. ਸੀ. ਵਲੋਂ ਵਿਸ਼ੇਸ਼ ਤੌਰ 'ਤੇ ਲਾਂਗਰੀਆਂ ਦਾ ਇਕ ਜਥਾ ਲੰਗਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਕਿਸਤਾਨ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗਤ 'ਚ ਇਹ ਲਾਂਘਾ ਖੁੱਲ੍ਹਣ ਨਾਲ ਉਤਸ਼ਾਹ ਅਤੇ ਸ਼ਰਧਾ ਵਧੀ ਹੈ।


Baljeet Kaur

Content Editor

Related News