ਸਰਨਾ ਕੌਮ ਨੂੰ ਵਿਵਾਦਾਂ ''ਚ ਪਾਉਣ ਤੋਂ ਗੁਰੇਜ਼ ਕਰਨ : ਭਾਈ ਲੌਂਗੋਵਾਲ
Sunday, Nov 25, 2018 - 03:00 PM (IST)

ਅੰਮ੍ਰਿਤਸਰ/ਫਤਿਹਗੜ੍ਹ ਸਾਹਿਬ (ਦੀਪਕ, ਜਗਦੇਵ) : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਛੇਵਾਂ ਤਖਤ ਐਲਾਨਣ ਬਾਰੇ ਪਰਮਜੀਤ ਸਿੰਘ ਸਰਨਾ ਦਾ ਬਿਆਨ ਬਿਲਕੁਲ ਅਰਥਹੀਣ ਹੈ । ਇਸ ਤਰ੍ਹਾਂ ਕਰ ਕੇ ਉਸਨੇ ਸਿੱਖ ਕੌਮ ਨੂੰ ਇਕ ਨਵੇਂ ਵਿਵਾਦ ਵਿਚ ਪਾਉਣ ਦਾ ਯਤਨ ਕੀਤਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ।
ਭਾਈ ਲੌਂਗੋਵਾਲ ਨੇ ਕਿਹਾ ਕਿ ਸ. ਸਰਨਾ ਫੋਕੀ ਸ਼ੋਹਰਤ ਲਈ ਕੌਮ ਅੰਦਰ ਦੁਬਿਧਾ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਿੱਖ ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ ਤਿਆਰੀਆਂ ਕਰ ਰਿਹਾ ਹੈ ਤਾਂ ਸਰਨਾ ਨੂੰ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਮਹਾਨ ਪ੍ਰੰਪਰਾਵਾਂ ਤੇ ਰਵਾਇਤਾਂ ਨੂੰ ਬਦਲਣ ਦਾ ਕਿਸੇ ਨੂੰ ਹੱਕ ਨਹੀਂ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਸਿੱਖ ਕੌਮ ਦੇ ਨਾਲ-ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਵੀ ਵੱਡੇ ਸਤਿਕਾਰ ਵਾਲਾ ਪਾਵਨ ਗੁਰ ਅਸਥਾਨ ਹੈ, ਜਿਸ ਦੀ ਇਤਿਹਾਸਕਤਾ, ਮਹਾਨਤਾ, ਪਵਿੱਤਰਤਾ, ਵਿਲੱਖਣਤਾ ਤੇ ਸਤਿਕਾਰ ਸਿੱਖ ਜਗਤ ਵਿਚ ਸਿਖਰ 'ਤੇ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਦਾ ਰੁਤਬਾ ਤੇ ਸਤਿਕਾਰ ਸ਼ਾਇਦ ਸਰਨਾ ਨੂੰ ਖੁਦ ਹੀ ਪਤਾ ਨਹੀਂ ਹੈ, ਜਿਸ ਕਾਰਨ ਉਹ ਅਜਿਹੀਆਂ ਗੱਲਾਂ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਨਾ ਦੀ ਇਸ ਦੁਬਿਧਾ-ਪੂਰਨ ਕਾਰਵਾਈ ਨੂੰ ਸਿੱਖਾਂ ਅੰਦਰ ਵੰਡੀਆਂ ਪਾਉਣ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਇਕ ਪਾਸੇ ਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਸੁਹਿਰਦ ਯਤਨ ਕਰ ਰਹੀਆਂ ਹਨ ਅਤੇ ਦੂਸਰੇ ਪਾਸੇ ਸਰਨਾ ਕੌਮ ਨੂੰ ਇਕ ਹੋਰ ਮਸਲੇ ਵਿਚ ਉਲਝਾਉਣ ਦੀ ਖੇਡ ਖੇਡ ਰਹੇ ਹਨ।