ਗੁਰੂ ਨਗਰੀ ''ਚ ''ਗੁਰੂ'' ਦਾ ਬਦਲਣ ਲੱਗਾ ਰੁਤਬਾ, ਸਿਆਸਤਦਾਨ ਹੁਣ ਸਿੱਧੂ ਦੇ ਦਰਬਾਰ ''ਚ ਭਰਨ ਲੱਗੇ ਹਾਜ਼ਰੀਆਂ
Saturday, Oct 24, 2020 - 12:56 PM (IST)
ਅੰਮ੍ਰਿਤਸਰ (ਰਮਨ) : ਗੁਰੂ ਨਗਰੀ 'ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (ਗੁਰੂ) ਦਾ ਰੁਤਬਾ ਬਦਲਦਾ ਵੇਖ ਕੇ ਸ਼ਹਿਰ ਦੇ ਕਈ ਆਗੂ ਉਨ੍ਹਾਂ ਦੇ ਦਰਬਾਰ 'ਚ ਹਾਜ਼ਰੀਆਂ ਭਰਨ ਲੱਗ ਪਏ ਹਨ। ਸਿੱਧੂ ਦੀ ਕੈਬਨਿਟ 'ਚ ਵਾਪਸੀ ਸਬੰਧੀ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਕੋਈ ਆਗੂ ਉਨ੍ਹਾਂ ਨੂੰ ਡਿਪਟੀ. ਸੀ . ਐੱਮ. ਮੰਨ ਕੇ ਚੱਲ ਰਿਹਾ ਹੈ ਤਾਂ ਕੋਈ ਦੁਬਾਰਾ ਸਥਾਨਕ ਬਾਡੀ ਮੰਤਰੀ ਅਤੇ ਪੰਜਾਬ ਪ੍ਰਧਾਨ ਦਾ ਅਹੁਦਾ ਮਿਲਣ ਦੀਆਂ ਗੱਲਾਂ ਕਰ ਰਿਹਾ ਹੈ।
ਇਹ ਵੀ ਪੜ੍ਹੋ: ਹਰੀਸ਼ ਰਾਵਤ ਦਾ ਵੱਡਾ ਬਿਆਨ, ਈ.ਡੀ. ਦਾ ਸੰਮਨ ਕੈਪਟਨ ਦੀ ਆਵਾਜ਼ ਨਹੀਂ ਦਬਾਅ ਸਕਦਾ
ਦੂਜੇ ਪਾਸੇ ਗੱਲ ਕਰੀਏ ਤਾਂ ਸ਼ਹਿਰ ਦੇ ਕਈ ਆਗੂ ਸਿੱਧੂ ਦੇ ਘਰ ਨੂੰ ਠੁਕਰਾ ਚੁੱਕੇ ਸਨ ਅਤੇ ਉਨ੍ਹਾਂ ਬਾਰੇ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ ਸਨ। ਜੇਕਰ ਕੋਈ ਸਿੱਧੂ ਦਾ ਸਮਰਥਕ ਹੁੰਦਾ ਸੀ ਤਾਂ ਉਸ ਨੂੰ ਸਿਆਸੀ ਗਲਿਆਰੇ ਤੋਂ ਲੈ ਕੇ ਪ੍ਰਬੰਧਕੀ ਤਕ ਨਜ਼ਰਅੰਦਾਜ ਕੀਤਾ ਜਾਂਦਾ ਸੀ ਪਰ ਉਹ ਲੋਕ ਸਿੱਧੂ ਦੀ ਵਾਪਸੀ ਦੀ ਚਰਚਾ ਸੁਣ ਕੇ ਉਨ੍ਹਾਂ ਦੇ ਸਮਰਥਕਾਂ ਨੂੰ ਸਿੱਧੂ ਨਾਲ ਮਿਲਵਾਉਣ ਦੀਆਂ ਮਿੰਨਤਾਂ ਕਰ ਰਹੇ ਹਨ। ਪਿਛਲੇ ਦਿਨੀਂ ਸਿੱਧੂ ਦੇ ਖਾਸਮਖਾਸ ਮਿੱਠੂ ਮਦਾਨ ਦੇ ਨਾਲ ਸ਼ਹਿਰ ਦਾ ਇਕ ਆਗੂ ਪਟਿਆਲਾ 'ਚ ਜਾ ਕੇ ਸਿੱਧੂ ਦੀ ਧਰਮਪਤਨੀ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਕੋਲ ਹਾਜ਼ਰੀ ਵੀ ਭਰ ਆਇਆ ਹੈ। ਉੱਥੇ ਹੀ ਅਜੇ ਸਿੱਧੂ ਸਮਰਥਕਾਂ ਦੇ ਨਾਲ ਸਾਰਿਆਂ ਦਾ ਗੱਲ ਕਰਨ ਦਾ ਵੀ ਢੰਗ ਬਦਲ ਗਿਆ ਹੈ। ਗੱਲ ਕਰੀਏ ਉਨ੍ਹਾਂ ਦੇ ਹਲਕੇ 'ਚ ਵਿਕਾਸ ਕੰਮਾਂ ਦੀ ਤਾਂ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਹਲਕੇ 'ਚ ਟਰੱਸਟ ਅਤੇ ਨਿਗਮ ਵਲੋਂ ਕੰਮ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਵਿਆਹ ਵਾਲੇ ਘਰ 'ਚ ਪਏ ਕੀਰਨੇ, ਭੈਣ ਦੇ ਵਿਆਹ ਲਈ ਪੈਲੇਸ ਦੀ ਗੱਲ ਕਰਨ ਗਿਆ ਭਰਾ ਲਾਸ਼ ਬਣ ਪਰਤਿਆ
ਨਿਗਮ ਵਿਚਲੇ ਸਿੱਧੂ ਦੇ ਦਫ਼ਤਰ 'ਚ ਕੁਝ ਦਿਨਾਂ 'ਚ ਲੱਗ ਸਕਦੀਆਂ ਹਨ ਰੌਣਕਾਂ
ਜਦੋਂ ਸਿੱਧੂ ਦੇ ਕੋਲ ਸਥਾਨਕ ਬਾਡੀ ਵਿਭਾਗ ਦਾ ਮੰਤਰਾਲਾ ਸੀ ਤਾਂ ਉਨ੍ਹਾਂ ਵਲੋਂ ਨਗਰ ਨਿਗਮ ਅੰਮ੍ਰਿਤਸਰ ਵਿਚ ਆਪਣੇ ਲਈ ਦਫ਼ਤਰ ਬਣਾਇਆ ਗਿਆ ਸੀ। ਉਨ੍ਹਾਂ ਨੇ ਉਸ ਸਮੇਂ ਉਸਦੇ ਉਦਘਾਟਨ ਦੌਰਾਨ ਕਿਹਾ ਸੀ ਕਿ ਇੱਥੇ ਕੋਈ ਵੀ ਮੰਤਰੀ ਆ ਕੇ ਬੈਠ ਸਕਦਾ ਹੈ ਪਰ ਉਦੋਂ ਤੋਂ ਲੈ ਕੇ ਅੱਜ ਤਕ ਉਕਤ ਕਮਰੇ ਨੂੰ ਤਾਲਾ ਹੀ ਲੱਗਾ ਹੈ। ਉਨ੍ਹਾਂ ਦੇ ਦਫਤਰ ਵਿਚ ਲੱਖਾਂ ਰੁਪਏ ਲਾ ਕੇ ਫਰਨੀਚਰ ਰੱਖਿਆ ਗਿਆ ਅਤੇ ਡੈਕੋਰੇਸ਼ਨ ਵੀ ਕੀਤੀ ਗਈ। ਸਿਆਸੀ ਗਲਿਆਰੇ ਵਿਚ ਚਰਚਾ ਹੈ ਕਿ ਇਸ ਦਫਤਰ ਵਿਚ ਕੁਝ ਦਿਨਾਂ ਬਾਅਦ ਰੌਣਕਾਂ ਪਰਤ ਆਉਣਗੀਆਂ।
ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਬੰਧੂਆ ਮਜ਼ਦੂਰੀ ਕਰ ਘਰ ਪਰਤਿਆ ਨੌਜਵਾਨ, ਦਰਦ ਭਰੀ ਦਾਸਤਾਨ ਸੁਣ ਅੱਖਾਂ 'ਚ ਆ ਜਾਣਗੇ ਹੰਝੂ
ਸਿੱਧੂ ਦੇ ਜਨਮ ਦਿਨ 'ਤੇ ਬਦਲਿਆ ਸਿਆਸੀ ਮਾਹੌਲ
ਪਿਛਲੇ ਸਮੇਂ 'ਚ ਸਾਬਕਾ ਮੰਤਰੀ ਸਿੱਧੂ ਦੇ ਸਿਆਸੀ ਸਫਰ ਵਿਚ ਕਾਫ਼ੀ ਉਤਰਾਅ-ਚੜਾਅ ਆਏ ਅਤੇ ਉਨ੍ਹਾਂ ਕਾਫ਼ੀ ਸਮਾਂ ਸਿਆਸੀ ਆਗੂਆਂ ਤੋਂ ਦੂਰੀ ਬਣਾਈ ਰੱਖੀ, ਉੱਥੇ ਹੀ ਜਦੋਂ ਉਹ ਪੰਜਾਬ ਸਰਕਾਰ ਵਿਚ ਮੰਤਰੀ ਸਨ, ਉਦੋਂ ਵੀ ਉਨ੍ਹਾਂ ਦੀ ਕਾਫ਼ੀ ਵਿਰੋਧਤਾ ਸੀ । ਪਿਛਲੇ ਦਿਨੀਂ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਸਿਆਸੀ ਸਮੀਕਰਨ ਹੀ ਬਦਲ ਗਏ। ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਸਮੇਤ ਹੋਰ ਸੀਨੀਅਰ ਆਗੂਆਂ ਨੇ ਉਨ੍ਹਾਂ ਦੇ ਜਨਮ ਦਿਨ 'ਤੇ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ, ਉੱਥੇ ਹੀ ਕਈ ਸੰਕੇਤ ਦੇ ਦਿੱਤੇ । ਹੁਣ ਸਾਰਿਆਂ ਨੂੰ ਹਾਈਕਮਾਨ ਦੇ ਹੁਕਮ ਦਾ ਇੰਤਜ਼ਾਰ ਹੈ ਕਿ 'ਗੁਰੂ' ਹੁਣ ਪੰਜਾਬ ਵਿਚ ਕਿਸ ਅਹੁਦੇ 'ਤੇ ਬਿਠਾਇਆ ਜਾਂਦਾ ਹੈ।