ਅੰਮ੍ਰਿਤਸਰ-ਨੰਦੇੜ ਸਾਹਿਬ ਲਈ ਸਿੱਧੀ ਉਡਾਨ 23 ਦਸੰਬਰ ਤੋਂ
Wednesday, Dec 20, 2017 - 02:21 PM (IST)

ਅੰਮ੍ਰਿਤਸਰ (ਵਾਲੀਆ) - ਅੰਮ੍ਰਿਤਸਰ- ਨੰਦੇੜ ਸਾਹਿਬ ਲਈ ਸਿੱਧੀ ਉਡਾਨ 23 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜਵਾਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਅਥਾਹ ਯਤਨਾਂ ਸਦਕਾ ਸਿੱਖ ਧਰਮ ਦੇ ਦੋ ਤਖਤਾਂ ਦਰਮਿਆਨ ਏਅਰ ਇੰਡੀਆ ਕੰਪਨੀ ਵਲੋਂ 23 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਉਡਾਣ ਲਈ ਆਨ-ਲਾਈਨ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ।
ਇਸ ਸਬੰਧੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸ਼੍ਰੀ ਅਬਚਲ ਨਗਰ ਨੰਦੇੜ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਅਤੇ ਸ੍ਰੀ ਅੰਮ੍ਰਿਤਸਰ ਦਰਮਿਆਨ ਏਅਰ ਇੰਡੀਆ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਉਡਾਣ ਲਈ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਤੋਂ ਜ਼ਰੂਰੀ ਪ੍ਰਮਾਣ ਮਿਲਣ ਤੋਂ ਬਾਅਦ ਆਨ-ਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ।
ਔਜਲਾ ਨੇ ਸਿੱਖ ਸੰਗਤਾਂ ਨੂੰ ਨੰਦੇੜ-ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਹਵਾਈ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਔਜਲਾ ਨੇ ਦੱਸਿਆ ਕਿ ਇਹ ਹਵਾਈ ਸੇਵਾ ਪਹਿਲਾਂ ਹਫਤੇ ਵਿਚ ਦੋ ਦਿਨ ਚੱਲੇਗੀ ਅਤੇ ਬਾਅਦ ਵਿਚ ਇਸ ਉਡਾਣ ਨੂੰ ਰੋਜ਼ਾਨਾ ਕੀਤਾ ਜਾਵੇਗਾ। ਇਸ ਸਬੰਧੀ ਗੁਰਦੁਆਰਾ ਡੇਰਾ ਬਾਬਾ ਨਿਧਾਨ ਸਿੰਘ ਲੰਗਰ ਸਾਹਿਬ ਨੰਦੇੜ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਸੰਤ ਬਾਬਾ ਪ੍ਰੇਮ ਸਿੰਘ ਮੁਖੀ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਨੰਦੇੜ ਵਲੋਂ ਨੌਜਵਾਨ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਸਦਕਾ ਏਅਰ ਇੰਡੀਆ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਹਵਾਈ ਸੇਵਾ ਦਾ ਸਵਾਗਤ ਕਰਦਿਆਂ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਦਾ ਸੱਦਾ ਦਿੱਤਾ।