ਅੰਮ੍ਰਿਤਸਰ ’ਚ ਵਾਪਰੀ ਵੱਡੀ ਘਟਨਾ: 60 ਹਜ਼ਾਰ ਰੁਪਏ ਦੀ ਖਾਤਰ ਅਪਾਹਜ ਵਿਅਕਤੀ ਦਾ ਕੀਤਾ ਕਤਲ
Sunday, Aug 21, 2022 - 11:26 AM (IST)
ਅੰਮ੍ਰਿਤਸਰ (ਸੰਜੀਵ)- ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਅੰਮ੍ਰਿਤਸਰ ਦੇ ਮੂਲੇਚੱਕ ਵਿਚ ਇਕ ਅਪਾਹਜ ਵਿਅਕਤੀ ਨਰਿੰਦਰ ਸਿੰਘ ਦਾ ਪੈਸਿਆਂ ਨੂੰ ਲੈ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਨਰਿੰਦਰ ਦਾ ਕਤਲ 60 ਹਜ਼ਾਰ ਰੁਪਏ ਦੀ ਖਾਤਰ ਕੀਤਾ ਗਿਆ ਹੈ। ਫਿਲਹਾਲ ਪੁਲਸ ਇਸ ਮਾਮਲੇ ਵਿਚ ਮੁਲਜ਼ਮ ਦੀ ਭਾਲ ਕਰਨ ਵਿਚ ਲੱਗੀ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵਾਪਰੀ ਘਟਨਾ: ਮਾਮੇ ਨੇ ਚਾਕੂ ਨਾਲ ਕੀਤਾ ਭਾਣਜੀ ਦਾ ਕਤਲ, ਲਹੂ-ਲੁਹਾਨ ਮਿਲੀ ਲਾਸ਼
ਕੀ ਹੈ ਮਾਮਲਾ?
ਨਰਿੰਦਰ ਸਿੰਘ ਮੂਲੇਚੱਕ ਦਾ ਰਹਿਣ ਵਾਲਾ ਹੈ, ਜੋ ਘਰ ਵਿਚ ਹੀ ਕਰਿਆਨੇ ਦੀ ਛੋਟੀ ਦੁਕਾਨ ਕਰਦਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਕਮੇਟੀ ਵੱਲੋਂ 60 ਹਜ਼ਾਰ ਰੁਪਏ ਮਿਲੇ ਸਨ, ਜੋ ਉਸ ਨੇ ਆਪਣੇ ਕੋਲ ਰੱਖੇ ਹੋਏ ਸਨ। ਅਕਸਰ ਨਰਿੰਦਰ ਦੁਕਾਨ ਦੇ ਪਿਛਲੇ ਪਾਸੇ ਆਪਣੇ ਕਮਰੇ ਵਿਚ ਸੌਂਦਾ ਸੀ, ਜਿਸਦਾ ਦੋਸਤ ਸਬਜ਼ੀ ਵੇਚਣ ਵਾਲਾ ਹਰ ਰੋਜ਼ ਕੋਲਡ ਡਰਿੰਕ ਲੈਣ ਆਉਂਦਾ ਸੀ। ਬੀਤੇ ਦਿਨ ਬਾਅਦ ਦੁਪਹਿਰ ਜਦੋਂ ਉਸ ਨੇ ਆ ਕੇ ਨਰਿੰਦਰ ਨੂੰ ਫੋਨ ਕੀਤਾ ਤਾਂ ਉਹ ਹਿੱਲਿਆ ਨਹੀਂ, ਸ਼ੱਕ ਪੈਣ ’ਤੇ ਉਸ ਨੇ ਰੌਲਾ ਪਾਇਆ ਤਾਂ ਉਥੇ ਲੋਕ ਇਕੱਠੇ ਹੋ ਗਏ ਅਤੇ ਜਦੋਂ ਉਸ ਨੇ ਨਰਿੰਦਰ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ, ਜਦੋਂ ਤੱਕ ਪੁਲਸ ਮੌਕੇ ’ਤੇ ਪਹੁੰਚੀ, ਉਦੋਂ ਤੱਕ ਨਰਿੰਦਰ ਦੀ ਲਾਸ਼ ਨੀਲੀ ਹੋ ਚੁੱਕੀ ਸੀ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ਅਤੇ ਹਰਿਆਣਾ ਸਕੱਤਰੇਤ ’ਚ ਮਿਲਿਆ ਸ਼ੱਕੀ ਬੈਗ ; ਪੁਲਸ ਨੇ ਕਿਹਾ- ਮਾਕ ਡਰਿੱਲ
ਗਾਇਬ ਸਨ ਨਰਿੰਦਰ ਦੇ ਪੈਸੇ :
ਪੁਲਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਨਰਿੰਦਰ ਦੇ ਸਿਰਹਾਣੇ ਵਿਚ ਪਏ ਕਮੇਟੀ ਦੇ 60 ਹਜ਼ਾਰ ਰੁਪਏ ਵੀ ਗਾਇਬ ਸਨ। ਪੁਲਸ ਦਾ ਮੰਨਣਾ ਹੈ ਕਿ ਇਹ ਕਤਲ ਪੈਸਿਆਂ ਲਈ ਕੀਤਾ ਗਿਆ ਹੈ। ਨਰਿੰਦਰ ਆਪਣੇ ਭਰਾ ਅਤੇ ਭਤੀਜੇ ਦੇ ਪਰਿਵਾਰ ਨਾਲ ਰਹਿੰਦਾ ਸੀ। ਭਤੀਜੇ ਦੀ ਪਤਨੀ ਸੋਨੀਆ ਨੇ ਦੱਸਿਆ ਕਿ ਨਰਿੰਦਰ ਨਾਲ ਉਸ ਦੀ ਆਖਰੀ ਗੱਲ 2:30 ਵਜੇ ਹੋਈ ਸੀ, ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਲੱਗ ਗਈ ਸੀ।
ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ :
ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਨਰਿੰਦਰ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗਾ। ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਇਸ ਕਤਲ ਸਬੰਧੀ ਸੁਰਾਗ ਜੁਟਾਉਣ ਵਿੱਚ ਲੱਗੀ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ
ਮੌਕੇ ’ਤੇ ਪੁੱਜੇ ਪੁਲਸ ਕਮਿਸ਼ਨਰ
ਮੌਕੇ ’ਤੇ ਪੁੱਜੇ ਪੁਲਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ, ਜਲਦੀ ਹੀ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।