ਅੰਮ੍ਰਿਤਸਰ ''ਚ ਵੱਸਦੈ ''ਮਿੰਨੀ ਪਾਕਿਸਤਾਨ''

08/14/2019 10:30:21 AM

ਅੰਮ੍ਰਿਤਸਰ (ਸਫਰ) : ਦੇਸ਼ ਭਰ 'ਚ ਆਜ਼ਾਦੀ ਦਿਵਸ ਚਾਹੇ 15 ਅਗਸਤ 1947 ਤੋਂ ਮਨਾਇਆ ਜਾਂਦਾ ਹੈ ਪਰ ਅੰਮ੍ਰਿਤਸਰ ਦੇ ਛੇਹਰਟਾ ਕਸਬੇ ਕੋਲ ਗਲੀ ਪੇਸ਼ਾਵਰੀ ਵਾਲੀ ਵਿਚ ਰਹਿਣ ਵਾਲੇ 70-80 ਪਰਿਵਾਰਾਂ ਨੂੰ ਆਜ਼ਾਦੀ 1957 'ਚ ਉਦੋਂ ਮਿਲੀ, ਜਦੋਂ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਤੋਂ ਹਿਜਰਤ ਕਰ ਕੇ ਹਿੰਦੂ ਪਰਿਵਾਰ ਭਾਰਤ ਆ ਕੇ ਇਸ ਗਲੀ ਵਿਚ ਵਸੇ ਸਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਪਾਕਿਸਤਾਨ ਤੋਂ ਆਏ ਇਨ੍ਹਾਂ ਹਿੰਦੂ ਪਰਿਵਾਰਾਂ ਦੇ ਹਰੇਕ ਘਰ ਨੂੰ ਉਦੋਂ 2-2 ਹਜ਼ਾਰ ਰੁਪਏ ਦਿੱਤੇ ਸਨ। ਇਸ ਗਲੀ ਦਾ ਨਾਂ 'ਪਿਸ਼ੌਰੀ ਮੁਹੱਲਾ' ਪੈ ਗਿਆ, ਉਂਝ 'ਮਿੰਨੀ ਪਾਕਿਸਤਾਨ' ਵੀ ਕਿਹਾ ਜਾਂਦਾ ਹੈ। ਇਥੇ ਰਹਿਣ ਵਾਲਾ ਹਿੰਦੂ ਪਰਿਵਾਰ 'ਭਾਰਤ ਮਾਤਾ ਦੀ ਜੈ' ਕਹਿੰਦਾ ਹੈ ਅਤੇ ਪਾਕਿਸਤਾਨ ਨੂੰ ਕੋਸਦਾ ਹੈ।

ਪਿਸ਼ੌਰੀ ਮੁਹੱਲੇ ਵਿਚ ਪੇਸ਼ਾਵਰੀ ਭਾਸ਼ਾ ਬੋਲੀ ਜਾਂਦੀ ਹੈ। ਮੰਦਰ ਅਤੇ ਗੁਰਦੁਆਰਾ ਇਕੱਠੇ ਹਨ, ਜਿਥੇ ਇਕੱਠੇ ਆਰਤੀ ਅਤੇ ਅਰਦਾਸ ਹੁੰਦੀ ਹੈ। 2008 ਵਿਚ ਇਸ ਗਲੀ 'ਚ ਪਾਕਿਸਤਾਨ ਦੀ ਧੀ ਅਨੀਤਾ ਬਰਾਤ ਲੈ ਕੇ ਆਈ ਸੀ ਤੇ ਇਥੋਂ ਦੇ ਰਹਿਣ ਵਾਲੇ ਪਵਨ ਨਾਲ ਸੱਤ ਫੇਰੇ ਲਏ ਸਨ ਪਰ ਹੁਣ ਤੱਕ ਅਨੀਤਾ ਨੂੰ ਭਾਰਤ ਦੀ ਨਾਗਰਿਕਤਾ ਨਹੀਂ ਮਿਲੀ। ਮੁਹੱਲੇ ਦੇ ਲੋਕ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਖੁਸ਼ੀ ਜਤਾਉਂਦੇ ਹਨ। ਕਹਿੰਦੇ ਹਨ ਕਿ ਅਖੰਡ ਭਾਰਤ ਪਾਕਿਸਤਾਨ ਦੇ ਕਬਜ਼ੇ 'ਚ ਕਸ਼ਮੀਰ ਤੋਂ ਬਿਨਾਂ ਅਧੂਰਾ ਹੈ। ਇਸ ਮੁਹੱਲੇ ਦੇ ਬਜ਼ੁਰਗ ਦੱਸਦੇ ਹਨ ਕਿ ਉਹ 1957 'ਚ ਜਦੋਂ ਤੋਂ ਆਏ, ਪਾਕਿਸਤਾਨ ਨਹੀਂ ਗਏ। ਪਾਕਿਸਤਾਨ ਤੋਂ ਜੋ ਹਿੰਦੂ ਪਰਿਵਾਰ ਭਾਰਤ ਨਹੀਂ ਆਏ ਸਨ, ਅੱਜ ਉਨ੍ਹਾਂ ਦੀ ਹਾਲਤ ਪਾਕਿਸਤਾਨ 'ਚ ਬੇਹੱਦ ਖ਼ਰਾਬ ਹੈ। ਪਾਕਿਸਤਾਨੀ ਹਿੰਦੂ ਭਾਰਤ 'ਚ ਰਹਿਣਾ ਚਾਹੁੰਦੇ ਹਨ, ਜੇਕਰ ਸਰਕਾਰ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ।

ਧਰਮ ਬਚ ਗਿਆ, ਪਰਿਵਾਰ ਭਾਰਤ ਪਰਤ ਆਇਆ, ਇਹੀ ਸਭ ਤੋਂ ਵੱਡੀ ਖੁਸ਼ੀ : ਸੱਤਿਆ ਦੇਵੀ
ਪੇਸ਼ਾਵਰੀ ਮੁਹੱਲੇ 'ਚ ਰਹਿਣ ਵਾਲੀ 85 ਸਾਲਾ ਸੱਤਿਆ ਦੇਵੀ ਆਪਣੇ ਪੋਤਰੇ ਨਾਲ ਜ਼ਿੰਦਗੀ ਦੇ ਆਖਰੀ ਪੜਾਅ 'ਚ ਖੁਸ਼ੀਆਂ ਵੰਡਦੀ ਦਿਸੀ। ਕਹਿਣ ਲੱਗੀ ਕਿ ਪਾਕਿਸਤਾਨ ਵਿਚ ਫਰਮਾਨ ਜਾਰੀ ਹੋ ਗਿਆ ਸੀ 'ਮੁਸਲਮਾਨ ਬਣੋ ਜਾਂ ਦੇਸ਼ ਛੱਡੋ।' ਸਾਡਾ ਪਰਿਵਾਰ 1957 ਵਿਚ ਖਾਲੀ ਹੱਥ ਪੇਸ਼ਾਵਰ ਤੋਂ 25 ਮੀਲ ਦੂਰੋਂ ਭਾਰਤ ਆ ਗਿਆ। ਧਰਮ ਬਚ ਗਿਆ, ਬਸ ਇਹੀ ਸਭ ਤੋਂ ਵੱਡੀ ਖੁਸ਼ੀ ਹੈ। ਸੱਤਿਆ ਦੇਵੀ ਦਾ ਛੋਟਾ ਪੁੱਤਰ ਬਨਵਾਰੀ ਲਾਲ ਸੰਤਾਪ ਦੀ ਭੇਟ ਚੜ੍ਹ ਗਿਆ, ਜਦਕਿ ਦੂਜਾ ਪੁੱਤਰ ਸ਼ੇਰਨਾਥ ਦਿਵਿਆਂਗ ਹੈ।

'ਪਾਕਿ' ਨਹੀਂ ਹੈ ਪਾਕਿਸਤਾਨ
ਪਾਕਿਸਤਾਨ ਦੇ ਪੇਸ਼ਾਵਰ ਤੋਂ ਆ ਕੇ ਵਸੇ ਹਿੰਦੂ ਪਰਿਵਾਰਾਂ 'ਚ ਕੀਰਤਨ ਚੰਦ, ਬਲਬੀਰ ਕੁਮਾਰ, ਰਾਜ ਕੁਮਾਰ ਅਤੇ ਸ਼ਰਨ ਚੰਦ ਕਹਿੰਦੇ ਹਨ ਕਿ 'ਪਾਕਿ' ਨਹੀਂ ਹੈ ਪਾਕਿਸਤਾਨ, ਸੰਤਾਪ ਨਾਲ 'ਸਮਝੌਤਾ' ਨਾ ਕਰੇ ਭਾਰਤ। ਪਾਕਿਸਤਾਨ ਹਮੇਸ਼ਾ ਭਾਰਤ ਖਿਲਾਫ ਜ਼ਹਿਰ ਉਗਲਦਾ ਰਿਹਾ। ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ। ਭਾਰਤ ਵਾਰ-ਵਾਰ ਪਾਕਿਸਤਾਨ ਨੂੰ ਚਿਤਾਵਨੀ ਦਿੰਦਾ ਰਿਹਾ ਪਰ ਉਹ ਬਾਜ਼ ਨਹੀਂ ਆਇਆ। ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕਰਨਾ ਵਧੀਆ ਕਦਮ ਹੈ। ਪਾਕਿਸਤਾਨ 'ਚ ਕੁਝ ਰਿਸ਼ਤੇਦਾਰ ਰਹਿ ਰਹੇ ਹਨ, ਉਥੋਂ ਦੇ ਹਿੰਦੂ ਪਰਿਵਾਰਾਂ ਨੂੰ ਉਹ ਆਜ਼ਾਦੀ ਨਹੀਂ, ਜੋ ਭਾਰਤ ਵਿਚ ਸਾਨੂੰ ਸਾਰਿਆਂ ਨੂੰ ਮਿਲ ਰਹੀ ਹੈ।


Baljeet Kaur

Content Editor

Related News