ਮਨਰੇਗਾ ਮੁਲਾਜ਼ਮਾਂ ਨੇ ਵਰ੍ਹਦੇ ਮੀਂਹ ''ਚ ਸਰਕਾਰ ਦੀ ਅਰਥੀ ਫੂਕੀ

Saturday, Sep 28, 2019 - 01:58 PM (IST)

ਮਨਰੇਗਾ ਮੁਲਾਜ਼ਮਾਂ ਨੇ ਵਰ੍ਹਦੇ ਮੀਂਹ ''ਚ ਸਰਕਾਰ ਦੀ ਅਰਥੀ ਫੂਕੀ

ਅੰਮ੍ਰਿਤਸਰ (ਦਲਜੀਤ, ਗੁਰਪ੍ਰੀਤ) : ਮਨਰੇਗਾ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਵਰ੍ਹਦੇ ਮੀਂਹ 'ਚ ਕਚਹਿਰੀ ਚੌਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ 'ਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦਾ ਘਿਰਾਓ ਕੀਤਾ ਜਾਵੇਗਾ। ਧਰਨਾ ਦੇਣ ਤੋਂ ਬਾਅਦ ਸੜਕਾਂ 'ਤੇ ਉੱਤਰ ਕੇ ਮੁਲਾਜ਼ਮ ਵਿਰੋਧੀ ਤੇ ਲੋਕ ਮਾਰੂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਮਾਰਚ ਕਰਦਿਆਂ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਜੁਆਇੰਟ ਸਕੱਤਰ ਹਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਨਿਗੂਣੀਆਂ ਤਨਖਾਹਾਂ 'ਤੇ 10-12 ਸਾਲਾਂ ਤੋਂ ਨੌਕਰੀ ਕਰ ਰਹੇ 1539 ਮਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ। ਵਿਭਾਗ ਵਿਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਦੇ ਕੰਮ ਦਾ ਵਾਧੂ ਬੋਝ ਵੀ ਨਰੇਗਾ ਮੁਲਾਜ਼ਮਾਂ 'ਤੇ ਪਾਇਆ ਜਾ ਰਿਹਾ ਹੈ। ਵਿਭਾਗ ਡੰਗ ਟਪਾਊ ਨੀਤੀ 'ਤੇ ਚੱਲ ਰਿਹਾ ਹੈ। ਪਿੰਡਾਂ ਦੇ 90 ਫੀਸਦੀ ਵਿਕਾਸ ਕਾਰਜ ਨਰੇਗਾ ਤਹਿਤ ਹੀ ਹੋ ਰਹੇ ਹਨ, ਜਿਸ 'ਤੇ ਪੰਜਾਬ ਸਰਕਾਰ ਨੇ ਬੁੱਕਲੈੱਟ ਵੀ ਜਾਰੀ ਕੀਤਾ ਹੈ। ਜਦੋਂ ਨਰੇਗਾ ਮੁਲਾਜ਼ਮ ਪੰਚਾਇਤ ਵਿਭਾਗ 'ਚ ਮਰਜ ਕਰਨ ਦੀ ਮੰਗ ਕਰਦੇ ਹਨ ਤਾਂ ਸਰਕਾਰ ਅਤੇ ਵਿਭਾਗ ਲਾਰਿਆਂ 'ਤੇ ਉੱਤਰ ਆਉਂਦਾ ਹੈ। ਪਿੰਡਾਂ ਦੇ ਬੇਰੋਜ਼ਗਾਰਾਂ ਨੂੰ ਗਾਰੰਟੀ ਨਾਲ ਰੋਜ਼ਗਾਰ ਦੇਣ ਵਾਲੇ ਨਰੇਗਾ ਮੁਲਾਜ਼ਮ ਅੱਜ ਖੁਦ ਬੇਰੋਜ਼ਗਾਰ ਹਨ।

ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਦੇ ਧਰਨਿਆਂ 'ਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਸਰਕਾਰ ਬਣਨ 'ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਨਾ ਤਾਂ ਨਰੇਗਾ ਮੁਲਾਜ਼ਮਾਂ ਨੂੰ ਕੋਈ ਸਿਹਤ ਸਹੂਲਤ, ਬੈਂਕ ਲੋਨ, ਡਿਊਟੀ ਦੌਰਾਨ ਮੌਤ ਹੋਣ 'ਤੇ ਵੀ ਪਰਿਵਾਰ ਨੂੰ ਕੋਈ ਆਰਥਿਕ ਸਹਾਇਤਾ ਮਿਲਦੀ ਹੈ ਤੇ ਨਾ ਹੀ ਗੁਜ਼ਾਰੇ ਜੋਗੀ ਤਨਖਾਹ ਮਿਲਦੀ ਹੈ। ਇਸ ਲਈ ਹੁਣ ਕਿਸੇ 'ਤੇ ਵਿਸ਼ਵਾਸ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਸਾਰੇ ਨਰੇਗਾ ਮੁਲਾਜ਼ਮਾਂ ਨੂੰ ਵਿਭਾਗ 'ਚ ਖਾਲੀ ਅਸਾਮੀਆਂ 'ਤੇ ਮਰਜ ਕਰਨ ਦਾ ਬਿੱਲ ਪੰਜਾਬ ਕੈਬਨਿਟ ਵਿਚ ਪਾਸ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਲਮ-ਛੋੜ ਹੜਤਾਲ ਤੇ ਧਰਨੇ-ਪ੍ਰਦਰਸ਼ਨ ਜਾਰੀ ਰਹਿਣਗੇ।
 


author

Baljeet Kaur

Content Editor

Related News