ਕਰਤਾਰਪੁਰ ਲਾਂਘੇ ''ਤੇ ਸਿੱਖ ਦਾ ਵੱਡਾ ਖੁਲਾਸਾ
Sunday, Aug 11, 2019 - 03:43 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪੂਰੇ ਦੇਸ਼ 'ਚ ਜੰਮ ਕੇ ਸਿਆਸਤ ਹੋਈ ਪਰ ਅੱਜ ਤੱਕ ਇਹ ਕੋਈ ਨਹੀਂ ਜਾਣਦਾ ਕਿ ਕਰਤਾਰਪੁਰ ਕੋਰੀਡੋਰ ਦੀ ਮੰਗ ਕਿਸ ਨੇ ਰੱਖੀ ਸੀ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਿੱਖ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਕਰਤਾਰਪੁਰ ਕੋਰੀਡੋਰ ਬਾਰੇ ਵੱਡਾ ਖੁਲਾਸਾ ਕੀਤਾ। ਆਗਰਾ ਦੇ ਰਹਿਣ ਵਾਲੇ ਰਵਿੰਦਰ ਸਿੰਘ ਟਿਵਾਣਾ ਨੇ 2001 'ਚ ਕਰਤਾਰਪੁਰ ਕੋਰੀਡੋਰ ਦੀ ਮੰਗ ਰੱਖੀ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਟਿਵਾਣਾ ਨੇ ਦੱਸਿਆ ਕਿ ਉਨ੍ਹਾਂ ਨੇ ਲਾਂਘੇ ਲਈ ਲੜਾਈ 2001 'ਚ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਕ ਮੈਮੋਰੈਂਡਮ ਰਾਹੀਂ ਤਿੰਨ ਮੰਗਾਂ ਰੱਖੀਆਂ ਗਈਆਂ ਸਨ। ਪਹਿਲੀ ਮੰਗ ਇਹ ਸੀ ਕਿ ਕਿਸੇ ਵੀ ਦੇਸ਼ ਤੋਂ ਆ ਰਹੇ ਸ਼ਰਧਾਲੂ ਨੂੰ ਬਿਨ੍ਹਾਂ ਪਾਸਪੋਰਟ ਤੋਂ ਜਾਣ ਦੀ ਇਜ਼ਾਜਤ ਦਿੱਤੀ ਜਾਵੇ, ਦੂਜੀ ਮੰਗ ਨਨਕਾਣਾ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਯੂਨੀਵਰਸਿਟੀ ਬਣਾਈ ਜਾਵੇ ਤੇ ਤੀਜੀ ਮੰਗ ਕਰਤਾਰਪੁਰ ਲਾਂਘਾ ਨੂੰ ਖੋਲ੍ਹ ਦੀ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਮੇਰੀ ਮੰਗ ਉਥੇ ਤੱਕ ਪਹੁੰਚ ਗਈ ਤੇ ਇਸਲਾਮਾਬਾਦ 'ਚ ਮੈਮੋਰੈਂਡਮ ਵੀ ਪ੍ਰਵਾਨ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਨਾ ਤਾਂ ਨਵਜੋਤ ਸਿੰਘ ਸਿੱਧੂ ਨੇ ਕੁਝ ਕੀਤਾ ਹੈ ਤੇ ਨਹੀਂ ਕਿਸੇ ਸਰਕਾਰ ਨੇ ਕੁਝ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਦੀ ਸਿੱਖ ਲੀਡਰਸ਼ਿਪ ਅਸਫਲ ਰਹੀ ਹੈ, ਜਿਸ ਕਰਕੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁੱਲ੍ਹਣ 'ਚ ਸਮਾਂ ਲੱਗ ਰਿਹਾ ਹੈ ਤੇ ਅੱਜ ਵੀ ਲਾਂਘੇ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਕਿ ਨਿੰਦਣਯੋਗ ਹੈ।