ਤਖਤਾਂ ਦੇ ਪੱਕੇ ਜਥੇਦਾਰ ਲਗਾਉਣ ਦੀ ਚੱਲੀ ਚਰਚਾ

Wednesday, Jul 17, 2019 - 02:47 PM (IST)

ਤਖਤਾਂ ਦੇ ਪੱਕੇ ਜਥੇਦਾਰ ਲਗਾਉਣ ਦੀ ਚੱਲੀ ਚਰਚਾ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵਲੋਂ ਤਖਤਾਂ ਦੇ ਪੱਕੇ ਜਥੇਦਾਰ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਬਾਅਦ ਹੀ ਲਾਏ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਪੰਥਕ ਹਲਕਿਆਂ 'ਚ ਕੁਝ ਵਿਦਵਾਨਾਂ ਦੇ ਨਾਵਾਂ ਦੀ ਚਰਚਾ ਵੀ ਚਲ ਰਹੀ ਹੈ। ਇਸ ਸਮੇਂ ਪੰਜਾਬ ਵਿਚਾਲੇ ਤਿੰਨ ਤਖਤਾਂ ਸ੍ਰੀ ਅਕਾਲ ਤਖਤ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿਰਫ ਦੋ ਜਥੇਦਾਰ ਹਨ ਤੇ ਇਕ ਜਥੇਦਾਰ ਵਲੋਂ ਦੋ ਤਖਤਾਂ ਦੇ ਜਥੇਦਾਰਾਂ ਦੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਤਖਤ ਸ੍ਰੀ ਪਟਨਾ ਸਾਹਿਬ ਦੇ ਪੱਕੇ ਜਥੇਦਾਰ ਦੀ ਨਿਯੁਕਤੀ ਨਹੀਂ ਹੋਈ ਹੈ। 

ਇਸ ਸਬੰਧੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ ਕਿ ਤਖਤਾਂ ਦੇ ਪੱਕੇ ਜਥੇਦਾਰ ਨਿਯੁਕਤ ਕਰਨ ਦਾ ਮਾਮਲਾ ਵਿਚਾਰ ਅਧੀਨ ਹੈ ਪਰ ਇਸ ਸਮੇਂ ਸਮੁੱਚੀ ਸ਼੍ਰੋਮਣੀ ਕਮੇਟੀ ਤੇ ਸਮੁੱਚਾ ਪੰਥ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਉਤਸ਼ਾਹ ਨਾਲ ਮਨਾਉਣ ਦੇ ਯਤਨਾਂ 'ਚ ਲੱਗਾ ਹੋਇਆ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਵੀ ਇਹ ਤਰਜੀਹ ਹੈ। ਇਸ ਲਈ ਇਨ੍ਹਾਂ ਸਮਾਗਮਾਂ ਤੋਂ ਬਾਅਦ ਹੀ ਤਖਤਾਂ ਦੇ ਪੱਕੇ ਜਥੇਦਾਰ ਨਿਯੁਕਤ ਕੀਤੇ ਜਾ ਸਕਣਗੇ। ਇਸ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਵਾਧੂ ਕਾਰਜਭਾਗ ਸੌਂਪਿਆ ਹੋਇਆ ਹੈ। ਉਹ ਇਸ ਵੇਲੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਦੋ ਤਖਤਾਂ ਦੇ ਜਥੇਦਾਰਾਂ ਦੀ ਜ਼ਿੰਮੇਵਾਰੀ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਲਈ ਚੱਲ ਰਹੇ ਯਤਨਾਂ ਤਹਿਤ ਉਨ੍ਹਾਂ ਨੂੰ ਵਧੇਰੇ ਕੰਮ ਕਰਨਾ ਪੈ ਰਿਹਾ ਹੈ। ਇਸ ਦੌਰਾਨ ਪੰਥਕ ਹਲਕਿਆਂ 'ਚ ਇਹ ਚਰਚਾ ਚੱਲ ਰਹੀ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਦਾ ਪੱਕਾ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਾਸਤੇ ਹੋਰ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ।


author

Baljeet Kaur

Content Editor

Related News