ਗੁਰਦੁਆਰਾ ਮਜਨੂ ਟਿੱਲਾ ਸਾਹਿਬ ਲਈ ਰਵਾਨਾ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ

Thursday, Oct 03, 2019 - 06:08 PM (IST)

ਗੁਰਦੁਆਰਾ ਮਜਨੂ ਟਿੱਲਾ ਸਾਹਿਬ ਲਈ ਰਵਾਨਾ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ

ਅੰਮ੍ਰਿਤਸਰ (ਦੀਪਕ ਸ਼ਰਮਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਤੋਂ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਜਾਏ ਦੀਵਾਨ ਅੰਦਰ ਭਰਵੀਂ ਸੰਗਤ ਨੂੰ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਤੋਂ ਇਲਾਵਾ ਕਥਾਵਾਚਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਵੀ ਸੰਗਤ ਨੂੰ ਜਾਣੂ ਕਰਵਾਇਆ। ਇਥੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇਣ ਮਗਰੋਂ ਨਗਰ ਕੀਰਤਨ ਦੀ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਲਈ ਰਵਾਨਗੀ ਹੋਈ। ਨਗਰ ਕੀਰਤਨ ਦਾ ਗੁਰਦੁਆਰਾ ਬੰਗਲਾ ਸਾਹਿਬ, ਇੰਡੀਆ ਗੇਟ, ਨਿਜਾਮੂਦੀਨ, ਆਸ਼ਰਮ ਚੌਕ, ਗੁਰਦੁਆਰਾ ਬਾਲਾ ਸਾਹਿਬ, ਕਲਿਆਣਪੁਰੀ, ਸ਼ਸ਼ੀ ਗਾਰਡਨ, ਵੈਸਟ ਗੁਰੂ ਅੰਗਦ ਜੀ ਨਗਰ, ਡੇਰਾ ਬਾਬਾ ਕਰਮ ਸਿੰਘ, ਗੁਰਦੁਆਰਾ ਝੀਲ ਕੁਰੰਜਾ, ਕ੍ਰਿਸ਼ਨਾ ਨਗਰ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਇਨਕਲੇਬ, ਅਨੰਦ ਵਿਹਾਰ, ਗੁਰਦੁਆਰਾ ਬੇਬੇ ਨਾਨਕੀ ਜੀ, ਰਾਮ ਨਗਰ, ਵਜੀਰਾਬਾਦ ਆਦਿ ਵਿਖੇ ਸੰਗਤ ਨੇ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਮੌਕੇ ਸੰਗਤਾਂ ਵਲੋਂ ਵੱਖ-ਵੱਖ ਥਾਵਾਂ 'ਤੇ ਲੰਗਰ ਵੀ ਲਗਾਏ ਗਏ।

ਨਗਰ ਕੀਰਤਨ ਦੌਰਾਨ ਸੰਗਤ ਨੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ, ਉਥੇ ਹੀ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ। ਇਸ ਤੋਂ ਇਲਾਵਾ ਨਗਰ ਕੀਰਤਨ ਨਾਲ ਚੱਲ ਰਹੀ ਵਿਸ਼ੇਸ਼ ਬੱਸ 'ਚ ਸੁਸ਼ੋਭਿਤ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਸੰਗਤ ਨੇ ਸ਼ਰਧਾ ਨਾਲ ਦਰਸ਼ਨ ਕੀਤੇ। ਨਗਰ ਕੀਰਤਨ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ 'ਚ ਭੁਪਿੰਦਰ ਸਿੰਘ ਭੁੱਲਰ, ਪਰਮਜੀਤ ਸਿੰਘ ਚੰਡੋਕ, ਕੁਲਦੀਪ ਸਿੰਘ ਭੋਗਲ, ਜਤਿੰਦਰਪਾਲ ਸਿੰਘ ਗੋਲਡੀ, ਕੁਲਦੀਪ ਸਿੰਘ ਸਾਹਨੀ ਆਦਿ ਮੌਜੂਦ ਸਨ।


author

rajwinder kaur

Content Editor

Related News