ਗੁਰੂ ਨਗਰੀ ’ਚ ਗਰਮੀ ਨੇ ਤੋੜਿਆ ਰਿਕਾਰਡ, ਜੂਨ ਦਾ ਮੌਸਮ ਅਪ੍ਰੈਲ ’ਚ ਆਇਆ ਨਜ਼ਰ
Wednesday, Apr 27, 2022 - 11:02 AM (IST)
ਅੰਮ੍ਰਿਤਸਰ (ਰਮਨ) - ਗੁਰੂ ਨਗਰੀ ਵਿਚ ਮੌਸਮ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ। ਜਿਹੜੀ ਗਰਮੀ ਜੂਨ ਮਹੀਨੇ ਵਿਚ ਪੈਂਦੀ ਸੀ, ਉਹ ਅਪ੍ਰੈਲ ’ਚ ਪੈਣੀ ਸ਼ੁਰੂ ਹੋ ਗਈ ਹੈ। ਇਸ ਵਾਰ ਗਰਮੀ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਰਹੀ ਹੈ, ਜਿਸ ਕਾਰਨ ਸੜਕਾਂ ’ਤੇ ਗਰਮੀ ਦਾ ਦੌਰ ਸ਼ੁਰੂ ਹੋ ਗਿਆ ਹੈ। ਦੁਪਹਿਰ ਸਮੇਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਬਿਜਲੀ ਕੱਟਾਂ ਨੇ ਵੀ ਹਾਹਾਕਾਰ ਮਚਾ ਦਿੱਤੀ ਹੈ। ਕੋਰੋਨਾ ਮਹਾਂਮਾਰੀ ਫਿਰ ਦਸਤਕ ਦੇਣ ਜਾ ਰਹੀ ਹੈ। ਗਰਮੀ ਦੇ ਨਾਲ-ਨਾਲ ਲੋਕਾਂ ਨੂੰ ਕੋਰੋਨਾ ਤੋਂ ਬਚਣਾ ਹੋਵੇਗਾ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਗੁਰੂ ਨਗਰੀ ਵਿਚ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿਚ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ।
ਬਿਜਲੀ ਦੀ ਮੁਰੰਮਤ ਦੇ ਨਾਂ ’ਤੇ ਲੱਗ ਰਹੇ ਨੇ ਬਿਜਲੀ ਦੇ ਕੱਟ
ਸ਼ਹਿਰ ਵਿਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਪਹਿਲਾਂ ਸੋਮਵਾਰ ਨੂੰ ਬਿਜਲੀ ਦੇ ਕੱਟ ਲਾਏ ਜਾਂਦੇ ਸਨ ਪਰ ਹੁਣ ਸ਼ਨੀਵਾਰ ਨੂੰ ਵੀ ਬਿਜਲੀ ਦੀ ਮੁਰੰਮਤ ਦੇ ਨਾਂ ’ਤੇ ਬਿਜਲੀ ਦੇ ਕੱਟ ਲਾਏ ਜਾਂਦੇ ਹਨ। ਬਿਜਲੀ ਘਰਾਂ ਦੇ ਮੁੱਖ ਬਕਸੇ ਖ਼ਰਾਬ ਹੋ ਰਹੇ ਹਨ, ਜਿਸ ਕਾਰਨ ਕਈ ਇਲਾਕਿਆਂ ਵਿਚ ਕਈ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਪਾਵਰਕਾਮ ਨੂੰ ਇਸ ਗਰਮੀ ਵਿੱਚ ਸਾਰੇ ਪ੍ਰਬੰਧ ਕਰਨੇ ਪੈਣਗੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਬਿਜਲੀ ਦਾ ਬੁਰਾ ਹਾਲ ਹੋਵੇਗਾ। ਬਿਜਲੀ ਦੇ ਮੁੱਦੇ ਨੂੰ ਲੈ ਕੇ ਲੋਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ, ਇਸ ਸਮੇਂ ਲੋਕ ਬਿਜਲੀ ਕੱਟਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਕੱਢ ਰਹੇ ਹਨ।
ਇਲੈਕਟ੍ਰਾਨਿਕ ਉਪਕਰਨਾਂ ਦੇ ਵਧੇ ਮੁੱਲ
ਗਰਮੀ ਦੇ ਤੇਵਰ ਦੇਖਦੇ ਹੋਏ ਇਲੈਕਟ੍ਰਾਨਿਕ ਉਪਕਰਨਾਂ ਦੇ ਭਾਅ ਵੱਧੇ ਹੋਏ ਹਨ। ਬਾਜ਼ਾਰਾਂ ਵਿਚ ਇਸ ਸਮੇਂ ਏ. ਸੀ. ਦੀ ਕਾਫੀ ਮੰਗ ਹੈ, ਉਥੇ ਹੀ ਬਾਜ਼ਾਰ ਵਿਚ ਏ. ਸੀ. ਵਰਗੇ ਕੂਲਰ ਆ ਗਏ ਹਨ, ਜਿਸ ਕਾਰਨ ਲੋਕ ਇਨ੍ਹਾਂ ਨੂੰ ਵੀ ਕਾਫ਼ੀ ਪਸੰਦ ਕਰ ਰਹੇ ਹਨ।
ਆਵਾਰਾ ਪਸ਼ੂਆਂ ਤੇ ਪੰਛੀਆਂ ਦਾ ਬੁਰਾ ਹਾਲ
ਜਿਸ ਤਰ੍ਹਾਂ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਉਸੇ ਤਰ੍ਹਾਂ ਪਸ਼ੂਆਂ-ਪੰਛੀਆਂ ਦਾ ਬੁਰਾ ਹਾਲ ਹੈ, ਜਿਨ੍ਹਾਂ ਨੂੰ ਗਰਮੀਆਂ ਵਿਚ ਬਿਨਾਂ ਪਾਣੀ ਤੋਂ ਪਿਆਸੇ ਰਹਿਣਾ ਪੈਂਦਾ ਹੈ। ਕਈ ਅਦਾਰੇ ਤਾਂ ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਦਾਣੇ ਅਤੇ ਪਾਣੀ ਦਾ ਪ੍ਰਬੰਧ ਕਰਦੇ ਹਨ ਤਾਂ ਕਿ ਕੋਈ ਬੇਜ਼ੁਬਾਨ ਪਸ਼ੂ ਅਤੇ ਪੰਛੀ ਪਿਆਸਾ ਨਾ ਰਹੇ।