ਹਾਥਰਸ ਮਾਮਲੇ ''ਚ ਪੀੜਤਾ ਨੂੰ ਇਨਸਾਫ਼ ਦਿਵਾਉਣ ਸੈਂਕੜੇ ਜਨਾਨੀਆਂ ਉੱਤਰੀਆਂ ਸੜਕਾਂ ''ਤੇ

Thursday, Oct 08, 2020 - 01:27 PM (IST)

ਹਾਥਰਸ ਮਾਮਲੇ ''ਚ ਪੀੜਤਾ ਨੂੰ ਇਨਸਾਫ਼ ਦਿਵਾਉਣ ਸੈਂਕੜੇ ਜਨਾਨੀਆਂ ਉੱਤਰੀਆਂ ਸੜਕਾਂ ''ਤੇ

ਅੰਮ੍ਰਿਤਸਰ (ਅਨਜਾਣ) : ਵਿਸ਼ਵ ਪੱਧਰ 'ਤੇ ਭਾਰਤ ਦਾ ਨਾਮ ਕਲੰਕਿਤ ਕਰਨ ਵਾਲੇ ਹਾਥਰਸ ਰੇਪ ਮਾਮਲੇ 'ਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਲਿਤ ਮਹਿਲਾ ਕੋਆਰਡੀਨੇਟਰ ਪੰਜਾਬ ਕਾਂਗਰਸ ਮੈਡਮ ਭਾਵਨਾ ਵਲੋਂ ਇਕ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਯੂ.ਪੀ. ਦੀ ਯੋਗੀ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਵੀ ਭੜਾਸ ਕੱਢੀ ਗਈ। ਮੈਡਮ ਭਾਵਨਾ ਦੀ ਅਗਵਾਈ 'ਚ ਕੱਢੇ ਇਸ ਰੋਸ ਮਾਰਚ ਦੌਰਾਨ ਸੈਂਕੜੇ ਦੀ ਗਿਣਤੀ 'ਚ ਇਕੱਤਰਤ ਹੋਈਆਂ ਜਨਾਨੀਆਂ ਨੇ ਹੱਥਾਂ 'ਚ ਕੇਂਦਰ ਸਰਕਾਰ ਮੁਰਦਾਬਾਦ ਲਿਖੀਆਂ ਤਖ਼ਤੀਆਂ ਵੀ ਫੜ੍ਹੀਆਂ ਹੋਈਆਂ ਸਨ ਅਤੇ ਨਾਲ ਹੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ : ਸਰੂਪਾਂ ਦੇ ਮਾਮਲੇ 'ਚ ਫ਼ੌਜਦਾਰੀ ਮੁੱਕਦਮੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਯੂ-ਟਰਨ ਦੀ ਭਾਈ ਲੌਂਗੋਵਾਲ ਨੇ ਦੱਸੀ ਵਜ੍ਹਾ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੈਡਮ ਭਾਵਨਾ ਅਤੇ ਸਾਬਕਾ ਕੌਂਸਲਰ ਮੈਡਮ ਗੁਲਸ਼ਨ ਨੇ ਕਿਹਾ ਕਿ ਹਾਥਰਸ ਕਾਂਡ 'ਚ ਪੀੜਤ ਕੁੜੀ ਨਾਲ ਦੋਸ਼ੀਆਂ ਵਲੋਂ ਕੀਤੀ ਹੈਵਾਨੀਅਤ ਨੇ ਵਿਸ਼ਵ ਭਰ 'ਚ ਭਾਰਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਜਿਸ ਲਈ ਯੂ.ਪੀ. 'ਚ ਯੋਗੀ ਦੇ ਰਾਜ 'ਚ ਚੱਲ ਰਿਹਾ ਗੁੰਡਾਰਾਜ ਅਤੇ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸ ਸ਼ਰਮਨਾਕ ਤੇ ਨਿੰਦਣਯੋਗ ਕਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜ਼ੀਟਲ ਇੰਡੀਆ 'ਤੇ ਸ਼ਾਇਨ ਇੰਡੀਆ ਨਾਅਰੇ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਜਿਸ ਸਰਕਾਰ ਦੇ ਰਾਜ 'ਚ ਹਾਲੇ ਤੱਕ ਕੁੜੀਆਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਅਤੇ ਮਰਦਾਂ ਦੀ ਸੋਚ ਹਾਲੇ ਵੀ ਰੂੜ੍ਹੀਵਾਦੀ ਬਣੀ ਪਈ ਹੈ, ਉਸ ਸਰਕਾਰ ਦੇ ਰਾਜ 'ਚ ਜਨਤਾ ਦੇ ਵਿਕਾਸ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਘਰ 'ਚ ਇਕੱਲੇ ਰਹਿੰਦੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਉਪਰੰਤ ਪ੍ਰਸ਼ਾਸਨ ਮੀਡੀਆਂ ਨੂੰ ਪੀੜਤ ਕੁੜੀ ਦੇ ਪਰਿਵਾਰ ਨਾਲ ਮਿਲਣ ਤੋਂ ਰੋਕਦਾ ਰਿਹਾ ਹੈ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਮੋਦੀ ਤੇ ਯੋਗੀ ਸਰਕਾਰ ਆਜ਼ਾਦ ਮੀਡੀਆ ਉੱਤੇ ਵੀ ਆਪਣੀ ਹਕੂਮਤ ਚਲਾ ਕੇ ਸੱਚ ਨੂੰ ਛੁਪਾਉਣ ਦੀਆਂ ਸਾਜਿਸ਼ਾਂ 'ਚ ਹੈ। ਭਾਵਨਾ ਨੇ ਕਿਹਾ ਕਿ ਹਾਥਰਸ ਰੇਪ ਕਾਂਡ ਭਾਰਤ 'ਤੇ ਕਲੰਕ ਹੈ ਤੇ ਜੇਕਰ ਪੀੜ•ਤ ਲੜਕੀ ਦੇ ਪਰਿਵਾਰ ਨੂੰ ਇਨਸਾਫ਼ ਨਾ ਦਿਵਾਇਆ ਤਾਂ ਜਨਤਾ ਦਾ ਗੁੱਸਾ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਵੱਡਾ ਸੰਘਰਸ਼ ਵਿੱਢੇਗਾ। 
 


author

Baljeet Kaur

Content Editor

Related News