ਔਜਲਾ ਵਲੋਂ ਐਕਸਪ੍ਰੈੱਸ ਵੇਅ ਦਾ ਨਾਂ ਗੁਰੂ ਸਾਹਿਬ ਦੇ ਨਾਮ ''ਤੇ ਰੱਖਣ ਦੀ ਮੰਗ

Thursday, Jun 04, 2020 - 08:48 AM (IST)

ਔਜਲਾ ਵਲੋਂ ਐਕਸਪ੍ਰੈੱਸ ਵੇਅ ਦਾ ਨਾਂ ਗੁਰੂ ਸਾਹਿਬ ਦੇ ਨਾਮ ''ਤੇ ਰੱਖਣ ਦੀ ਮੰਗ

ਅੰਮ੍ਰਿਤਸਰ (ਕਮਲ) : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ 'ਚ ਅੰਮ੍ਰਿਤਸਰ ਨੂੰ ਦੁਬਾਰਾ ਜੋੜਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਮਿਲੀ ਹਰੀ ਝੰਡੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੇਸ਼-ਵਿਦੇਸ਼ 'ਚ ਵਸਦੇ ਸਮੂਹ ਪੰਜਾਬੀਆਂ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਦੁਬਾਰਾ ਇਸ ਪ੍ਰਾਜੈਕਟ ਨਾਲ ਜੋੜਨ ਲਈ ਜਿੱਥੇ ਉਹ ਕੇਂਦਰ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਨ, ਉੱਥੇ ਉਨ੍ਹਾਂ ਦਾ ਰੋਮ ਰੋਮ ਰਿਣੀ ਹੈ ਉਨ੍ਹਾਂ ਜਥੇਬੰਦੀਆਂ, ਐੱਨ. ਜੀ. ਓਜ਼ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ, ਜਿਨ੍ਹਾਂ ਨੇ ਅੰਮ੍ਰਿਤਸਰ ਨੂੰ ਉਸ ਦਾ ਹੱਕ ਦਿਵਾਉਣ 'ਚ ਦਿਨ-ਰਾਤ ਇੱਕ ਕੀਤਾ ਸੀ।

ਇਹ ਵੀ ਪੜ੍ਹੋਂ : ਦਿੱਲੀ-ਅੰਮ੍ਰਿਤਸਰ-ਕੱਟੜਾ ਹਾਈਵੇਅ ਮਾਮਲੇ 'ਚ ਅਕਾਲੀ ਦਲ ਨੇ ਕੈਪਟਨ 'ਤੇ ਲਗਾਏ ਵੱਡੇ ਦੋਸ਼

ਔਜਲਾ ਨੇ ਕਿਹਾ ਕਿ ਬੀਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਡੀਓ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨਿਤਿਨ ਗਡਕਰੀ ਤੋਂ ਇਹ ਵੀ ਮੰਗ ਕੀਤੀ ਹੈ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਪੰਜਾਬ 'ਚੋਂ ਲੰਘਣ ਵਾਲੇ ਐਕਸਪ੍ਰੈੱਸ ਵੇਅ ਦਾ ਨਾਂ ਗੁਰੂ ਸਾਹਿਬ ਦੇ ਨਾਮ 'ਤੇ ਰੱਖਿਆ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਨੂੰ ਦਿੱਲੀ ਨਾਲ ਜੋੜਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਪਾਰ, ਉਦਯੋਗ ਤੇ ਖੇਤੀਬਾੜੀ ਦੇ ਪੱਖੋਂ ਇਹ ਐਕਸਪ੍ਰੈੱਸ ਹਾਈਵੇ ਸੰਜੀਵਨੀ ਦਾ ਕੰਮ ਕਰੇਗਾ।

ਇਹ ਵੀ ਪੜ੍ਹੋਂ : ਪਠਾਨਕੋਟ 'ਚ ਕੋਰੋਨਾ ਬਲਾਸਟ, 6 ਨਵੇਂ ਮਾਮਲਿਆਂ ਦੀ ਪੁਸ਼ਟੀ

ਜ਼ਿਕਰਯੋਗ ਹੈ ਕਿ 35 ਹਜ਼ਾਰ ਕਰੋੜ ਦੀ ਲਾਗਤ ਵਾਲੇ ਇਸ ਐਕਸਪ੍ਰੈੱਸ ਹਾਈਵੇ 'ਚੋਂ ਅੰਮ੍ਰਿਤਸਰ ਨੂੰ ਪਹਿਲਾਂ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਖਾਸਕਰ ਅੰਮ੍ਰਿਤਸਰ ਵਾਸੀਆਂ ਨੇ ਗੁਰਜੀਤ ਸਿੰਘ ਔਜਲਾ ਦੇ ਸੱਦੇ 'ਤੇ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਫੈਸਲੇ 'ਤੇ ਮੁੜ ਨਜ਼ਰਸਾਨੀ ਕਰਨ ਦਾ ਭਰੋਸਾ ਦਿਵਾਇਆ ਸੀ। ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਕਾਇਦਾ ਅੰਮ੍ਰਿਤਸਰ ਨੂੰ ਸ਼ਾਮਿਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਔਜਲਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਵੀ ਟੇਕਿਆ।
 


author

Baljeet Kaur

Content Editor

Related News