ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਉਮੜਿਆ ਸੈਲਾਬ

Thursday, May 28, 2020 - 12:21 PM (IST)

ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਉਮੜਿਆ ਸੈਲਾਬ

ਅੰਮ੍ਰਿਤਸਰ (ਅਨਜਾਣ) : ਬੀਤੇ ਦਿਨਾਂ ਤੋਂ ਕੁਝ ਢਿੱਲ-ਮੱਠ ਦੇਣ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਸੈਲਾਬ ਉਮੜ ਆਇਆ ਪਰ ਪੁਲਸ ਵਾਲੇ ਵੀ ਪੂਰੀ ਮੁਸ਼ਤੈਦੀ ਨਾਲ ਆਪਣੀ ਜ਼ਿਦ 'ਤੇ ਅੜੇ ਰਹੇ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਕਿਆਂ ਤੋਂ ਪੁਲਸ ਜਵਾਨਾ ਨੇ ਸੰਗਤਾਂ ਨੂੰ ਕਾਫ਼ੀ ਦੂਰ ਖੜ੍ਹਾ ਕਰ ਕੇ ਰੱਖਿਆ। ਇੱਥੇ ਹੀ ਬੱਸ ਨਹੀਂ ਪੁਲਸ ਵਲੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜ਼ਮਾਂ ਦੇ ਵੀ ਆਈ ਕਾਰਡ ਚੈੱਕ ਕਰ ਕੇ ਅੰਦਰ ਲੰਘਾਇਆ ਗਿਆ।

ਇਹ ਵੀ ਪੜ੍ਹੋ : ਪੁਲਸ ਨਾਕਿਆਂ 'ਤੇ ਰੋਕ-ਟੋਕ ਨਾ ਹੋਣ ਕਾਰਨ ਸੰਗਤਾਂ ਨੇ ਕੀਤੇ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ-ਦੀਦਾਰੇ

ਦੱਸਣਯੋਗ ਹੈ ਕਿ ਬੀਤੇ ਦਿਨੀਂ ਮੀਡੀਆ ਵਲੋਂ ਨਾਕਿਆਂ 'ਤੇ ਖੜ੍ਹੀ ਸੰਗਤ ਦੀਆਂ ਤਸਵੀਰਾਂ ਦਿਖਾ ਕੇ ਤਾਲਾਬੰਦੀ ਦੀਆਂ ਧੱਜੀਆਂ ਉੱਡਦੀਆਂ ਦਿਖਾਈਆਂ ਗਈਆਂ ਸਨ। ਦੂਸਰਾ 6 ਜੂਨ ਦਾ ਦਿਨ ਆਉਣ ਕਾਰਨ ਵੀ ਪੁਲਸ ਨਾਕਿਆਂ 'ਤੇ ਪ੍ਰਸ਼ਾਸਨ ਵਲੋਂ ਸਟਾਫ਼ ਵਧਾ ਕੇ ਸਖ਼ਤੀ ਕੀਤੀ ਗਈ ਹੈ। ਬੀਤੇ ਦਿਨ ਘੰਟਿਆਂ ਬੱਧੀ ਨਾਕਿਆਂ 'ਤੇ ਇੰਤਜ਼ਾਰ ਕਰਨ ਉਪਰੰਤ ਸੰਗਤ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਪਰਤਦੀ ਦੇਖੀ ਗਈ। ਪੁਲਸ ਨੇ ਤਿੰਨ ਪਹਿਰੇ ਦੀਆਂ ਸੰਗਤਾਂ ਤੇ ਡਿਊਟੀ ਮੁਲਾਜ਼ਮਾਂ ਤੋਂ ਸਿਵਾ ਕਿਸੇ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿੱਤਾ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ 'ਚ ਉਮੜੀ ਸੰਗਤ ਦੀ ਭੀੜ, ਜੰਮ ਕੇ ਹੋਈ ਸਮਾਜਿਕ ਦੂ੍ਰੀ ਦੀ ਉਲੰਘਣਾ

ਸੰਗਤਾਂ 'ਤੇ ਡਿਊਟੀ ਸੇਵਾਦਾਰਾਂ ਨੇ ਸੰਭਾਲੀ ਮਰਿਆਦਾ
ਬਾਹਰੀ ਸੰਗਤਾਂ ਦੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਨਾ ਕਰਨ ਦੇਣ 'ਤੇ ਤਿੰਨ ਪਹਿਰੇ ਦੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਸੰਭਾਲੀ। ਤਿੰਨ ਪਹਿਰੇ ਦੀ ਸੇਵਾ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰ ਕੇ ਗ੍ਰੰਥੀ ਸਿੰਘ ਤੇ ਸੰਗਤਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਪਹਿਲੇ ਮੁੱਖ ਵਾਕ ਉਪਰੰਤ ਸਾਰਾ ਦਿਨ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਾਈਆਂ ਗਈਆਂ। ਰਾਤ ਸਮੇਂ ਸੁਖਆਸਣ ਕਰ ਦਿੱਤਾ ਗਿਆ। ਸਾਰਾ ਦਿਨ ਠੰਢੇ-ਮਿੱਠੇ ਜਲ ਦੀ ਛਬੀਲ ਚੱਲਦੀ ਰਹੀ। ਸੰਗਤਾਂ ਨੇ ਜੌੜੇ ਘਰ, ਲੰਗਰ ਹਾਲ ਅਤੇ ਫਰਸ਼ ਦੇ ਇਸ਼ਨਾਨ ਦੀ ਸੇਵਾ ਕੀਤੀ।

ਇਹ ਵੀ ਪੜ੍ਹੋ : ਗੁਰੂ ਘਰ 'ਚ ਪਰਤੀ ਰੌਣਕ, ਸੰਗਤਾਂ ਦੀ ਆਮਦ ਸ਼ੁਰੂ (ਤਸਵੀਰਾਂ)

ਚੌਂਕੀ ਸਾਹਿਬ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਅੰਮ੍ਰਿਤ ਵੇਲੇ ਦੀ ਚੌਂਕੀ ਸਾਹਿਬ ਦੀ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਥੱਲੇ ਕੋਰੋਨਾ ਫਤਿਹ ਲਈ ਸ਼ਬਦ ਚੌਂਕੀ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵੀ ਵਰਤਾਈ ਗਈ।
 


author

Baljeet Kaur

Content Editor

Related News