ਜੀ. ਐੱਨ. ਡੀ. ਯੂ. ਦੇ 481.72 ਕਰੋੜ ਦੇ ਬਜਟ ''ਤੇ  ਮੋਹਰ

Tuesday, Feb 26, 2019 - 10:17 AM (IST)

ਜੀ. ਐੱਨ. ਡੀ. ਯੂ. ਦੇ 481.72 ਕਰੋੜ ਦੇ ਬਜਟ ''ਤੇ  ਮੋਹਰ

ਅੰਮ੍ਰਿਤਸਰ (ਸੰਜੀਵ)— ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਵੱਲੋਂ ਵਿੱਤੀ ਸਾਲ 2019-20 ਦੇ 481 ਕਰੋੜ 72 ਲੱਖ 91 ਹਜ਼ਾਰ ਰੁਪਏ ਦੇ ਬਜਟ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਜੋ ਪਿਛਲੇ ਬਜਟ ਨਾਲੋਂ ਕਰੀਬ 34 ਕਰੋੜ ਵੱਧ ਹੈ। ਇਸ ਬਜਟ ਵਿਚ ਜਿਥੇ ਪ੍ਰਮੁੱਖ ਤੌਰ 'ਤੇ ਕਿਤਾ ਮੁਖੀ ਕੋਰਸਾਂ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਉਥੇ ਯੂਨੀਵਰਸਿਟੀ ਦੇ ਮੁੱਢਲੇ ਢਾਂਚੇ ਤੇ ਵਾਤਾਵਰਣ ਨੂੰ ਵਧੀਆ ਬਣਾਉਣ ਲਈ ਵੀ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਯੂਨੀਵਰਸਿਟੀ ਇਸ ਬਜਟ ਵਿਚੋਂ 53.44 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਖਰਚ ਕਰਨ ਜਾ ਰਹੀ ਹੈ।

ਸੰਧੂ ਨੇ ਕੀਤੀ ਦੋਵਾਂ ਸਦਨਾਂ ਦੀਆਂ ਵੱਖ-ਵੱਖ ਮੀਟਿੰਗਾਂ ਦੀ ਪ੍ਰਧਾਨਗੀ :
ਯੂਨੀਵਰਸਿਟੀ ਦੇ ਦੋਵਾਂ ਸਦਨਾਂ ਦੀਆਂ ਵੱਖ-ਵੱਖ ਮੀਟਿੰਗਾਂ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕੀਤੀ ਜਦੋਂਕਿ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੋਵਾਂ ਮੀਟਿੰਗਾਂ ਵਿਚ ਏਜੰਡਾ ਪੇਸ਼ ਕੀਤਾ। ਦੋਵਾਂ ਮੀਟਿੰਗਾਂ ਦੌਰਾਨ ਜਿਥੇ ਹਾਜ਼ਰ ਮੈਂਬਰਾਂ ਨੇ ਉਚੇਰੀ ਸਿੱਖਿਆ ਦੇ ਖੇਤਰ ਅਤੇ ਵਿਕਾਸ  ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਪਿਛਲੇ ਸਾਲ ਵੱਖ-ਵੱਖ ਖੇਤਰਾਂ  ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਾਪਤ ਕੀਤੀਆਂ ਗਈਆ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ।  ਬਜਟ ਦਾ 53.44 ਫੀਸਦ ਅਧਿਆਪਨ ਅਲਾਈਡ ਖੋਜ ਅਤੇ ਸਿੱਖਿਆ ਦੇ ਸੁਧਾਰ ਤੇ ਖਰਚ ਕੀਤਾ ਜਾਵੇਗਾ, ਨਾਨ ਟੀਚਿੰਗ ਵਿਭਾਗਾਂ ਤੇ 14 ਫੀਸਦੀ, ਜਨਰਲ ਐਡਮਨਿਸਟਰੇਸ਼ਨ ਤੇ 10.60 ਫੀਸਦੀ, ਪ੍ਰੀਖਿਆਵਾਂ ਦੇ ਸੰਚਾਲਨ ਤੇ 4.13 ਫੀਸਦ, ਆਮ ਮੱਦਾਂ (ਟੀਚਿੰਗ ਅਤੇ ਨਾਨ ਟੀਚਿੰਗ ) ਤੇ 13.60 ਫੀਸਦੀ ਅਤੇ ਇਮਾਰਤਾਂ ਦੀ ਉਸਾਰੀ 'ਤੇ 4.23 ਫੀਸਦੀ ਖਰਚ ਕੀਤਾ ਜਾਵੇਗਾ।

ਨਵੇਂ ਕੋਰਸਾਂ ਦੀ ਹੋਵੇਗੀ ਸ਼ੁਰੂਆਤ :
ਸੈਨੇਟ ਦੀ ਮੀਟਿੰਗ ਦੌਰਾਨ ਬਜਟ ਪੇਸ਼ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਅਤੇ ਆਉਣ ਵਾਲੇ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ ਵੀ ਜਾਣੂ ਕਰਵਾਇਆ ਜਿਨ੍ਹਾਂ  ਵਿਚ ਯੂਨੀਵਰਸਿਟੀ ਕੈਂਪਸ  ਵਿਚ ਚਾਰ ਨਵੇਂ ਵਿਭਾਗ ਖੋਲ੍ਹਣ ਤੋਂ ਇਲਾਵਾ ਦੋ ਵਿਦੇਸ਼ੀ ਯੂਨੀਵਰਸਿਟੀਆਂ ਦੇ  ਸਹਿਯੋਗ ਦੇ ਨਾਲ ਨਵੇਂ ਕੋਰਸ ਵੀ ਸ਼ੁਰੂ ਕਰਨਾ ਸ਼ਾਮਲ ਹੈ ਜਿਸ  ਨਾਲ ਵਿਦੇਸ਼ਾਂ ਵਿਚ ਪੜ੍ਹਨ ਜਾ ਰਹੇ ਵਿਦਿਆਰਥੀਆਂ 'ਤੇ ਰੋਕ ਲੱਗੇਗੀ। ਯੂਨੀਵਰਸਿਟੀ ਇਸ ਅਕਾਦਮਿਕ ਵਰ੍ਹੇ ਤੋਂ ਡਿਪਾਰਟਮੈਂਟ ਆਫ ਮਾਸ ਕਮਿਊਨੀਕੇਸ਼ਨ, ਡਿਪਾਰਟਮੈਂਟ ਆਫ ਐਗਰੀਕਲਚਰ, ਡਾਇਰੈਕਟੋਰੇਟ ਈਵਨਿੰਗ ਸਟੱਡੀ ਅਤੇ ਡਾਇਰੈਕਟੋਰੇਟ ਆਫ ਆਨਲਾਈਨ ਸਟੱਡੀ ਸ਼ੁਰੂ ਕਰੇਗੀ ।

ਬਜਟ ਨੂੰ ਕੰਟਰੋਲ ਕਰਨ ਲਈ ਕੇਂਦਰੀ ਖਰੀਦ ਸੈੱਲ ਦੀ ਹੋਵੇਗੀ ਸਥਾਪਨਾ :
ਗੁਰੂ ਨਾਨਕ ਦੇਵ ਯੂਨੀਵਰਸਿਟੀ ਬਜਟ ਨੂੰ ਕੰਟਰੋਲ ਕਰਨ ਲਈ ਕੇਂਦਰੀ ਖਰੀਦ ਸੈੱਲ ਦੀ ਸਥਾਪਨਾ ਕਰੇਗੀ। ਵਿੱਤੀ ਸਾਲ  2019-20 ਦਾ ਬਜਟ 3 ਕਰੋੜ 26 ਲੱਖ 28 ਹਜ਼ਾਰ ਰੁਪਏ ਦੀ  ਰਕਮ ਨਾਲ ਸ਼ੁਰੂ ਹੋਵੇਗਾ। ਸਾਲ 2019-20 ਦੌਰਾਨ ਪ੍ਰਵਾਨਿਤ ਅਸਾਮੀਆਂ ਦੀ ਸੈਲਰੀ ਦਾ ਅਨੁਮਾਨਤ ਖਰਚਾ 227 ਕਰੋੜ ਰੁਪਏ ਸਲਾਨਾ ਦਾ ਹੋਵੇਗਾ । ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਮਹਿੰਗਾਈ ਭੱਤੇ ਅਤੇ ਹੋਰ ਭੱਤਿਆਂ ਵਿਚ ਹੋਣ ਵਾਲੇ ਵਾਧੇ  ਲਈ 20 ਕਰੋੜ ਰੁਪਏ ਵਿੱਤੀ ਸਾਲ 2019-20  ਅਤੇ 50 ਕਰੋੜ ਰੁਪਏ ਦੀ ਰਾਸ਼ੀ ਸੋਧੇ ਜਾਣ ਵਾਲੇ ਤਨਖਾਹ ਸਕੇਲਾਂ ਲਈ ਬਜਟ ਵਿਚ ਸ਼ਾਮਲ ਕੀਤੀ ਗਈ ਹੈ। ਇਮਾਰਤਾਂ  ਲਈ 20 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਕੁਲ 4 ਲੱਖ 81 ਕਰੋੜ 72 ਲੱਖ 91 ਹਜ਼ਾਰ ਰੁਪਏ ਬਜਟ ਪ੍ਰਵਾਨ ਕੀਤਾ ਗਿਆ ਹੈ  ਜਦੋਂਕਿ ਕਾਂਸਟੀਚਿਊਟ ਕਾਲਜਿਸ ਲਈ 52 ਕਰੋੜ 52 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਆਉਣ ਦੀ ਆਸ ਹੈ। 176 ਕਰੋੜ 63 ਲੱਖ 43 ਹਜ਼ਾਰ ਰੁਪਏ ਦੀਆਂ ਫ਼ੀਸਾਂ ਤੋਂ ਆਮਦਨ ਨੂੰ ਮਿਲਾ ਕੇ 229 ਕਰੋੜ 15 ਲੱਖ 43 ਹਜ਼ਾਰ ਰੁਪਏ ਦੀ ਆਮਦਨ ਸਾਲ 2019-20 ਵਿਚ ਹੋਣ ਦੀ ਆਸ ਹੈ। 218 ਕਰੋੜ 31 ਲੱਖ 20 ਹਜ਼ਾਰ ਰੁਪਏ ਦੇ ਘਾਟੇ ਦਾ ਬਜਟ ਹੈ। ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਵੱਖ-ਵੱਖ ਮੱਦਾਂ ਅਧੀਨ ਖਰਚਾ  ਆਮਦਨ ਦੀ ਅਸਲ ਰਕਮ ਨੂੰ ਸਾਹਮਣੇ ਰੱਖ ਕੇ ਕੀਤਾ ਜਾਵੇਗਾ ।

2.16 ਕਰੋੜ  ਰੁਪਏ ਦੀ ਗਰਾਂਟ ਡੀ. ਐੱਸ. ਟੀ. ਅਤੇ ਪਰਸ ਪ੍ਰੋਗਰਾਮ ਅਧੀਨ ਫੂਡ ਸਾਇੰਸ ਅਤੇ ਤਕਨਾਲੋਜੀ ਨੂੰ ਦਿੱਤੀ :
ਉਨ੍ਹਾਂ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ, ਨਵੀਂ ਦਿੱਲੀ, ਸਰਕਾਰ ਭਾਰਤ ਨੇ ਡੀ.ਐੱਸ.ਟੀ. ਦੇ ਅਧੀਨ 2 ਕਰੋੜ 16 ਲੱਖ 2 ਦੀ ਗਰਾਂਟ ਡੀ.ਐੱਸ.ਟੀ. ਅਤੇ ਪਰਸ ਪ੍ਰੋਗਰਾਮ ਅਧੀਨ ਫੂਡ ਸਾਇੰਸ ਅਤੇ ਤਕਨਾਲੋਜੀ ਨੂੰ ਦਿੱਤੀ। ਇਸੇ ਤਰ੍ਹਾਂ, ਯੂ.ਜੀ.ਸੀ. ਨੇ ਇਕ ਕਰੋੜ ਵਿਚੋਂ 62 ਲੱਖ ਰੁਪਏ ਦੀ ਗਰਾਂਟ ਹਿਊਮਨ ਰਿਸੋਰਸ ਡਿਵੈੱਲਪਮੈਂਟ ਸੈਂਟਰ ਨੂੰ ਜਾਰੀ ਕੀਤੀ। ਯੂਨੀਵਰਸਿਟੀ ਨੂੰ ਯੂਥ ਅਫੇਅਰਜ਼ ਅਤੇ ਸਪੋਰਟਸ (ਐੱਮ.ਵਾਈ.ਏ.ਐੱਸ.) ਵੱਲੋਂ 25 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ ਜਿਸ ਵਿਚੋਂ 2 ਕਰੋੜ 85 ਲੱਖ ਰੁਪਏ ਯੂਨੀਵਰਸਿਟੀ ਨੂੰ ਪ੍ਰਾਪਤ ਹੋ ਚੁੱਕੇ ਹਨ। ਇਸੇ ਤਰ੍ਹਾਂ ਰੂਸਾ ਸਕੀਮ ਅਧੀਨ 5 ਕਰੋੜ 45 ਲੱਖ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਅਧਿਆਪਕ ਸਾਹਿਬਾਨਾਂ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਪ੍ਰਾਜੈਕਟਾਂ ਲਈ ਸਾਲ 2018-19 ਦੌਰਾਨ 19 ਕਰੋੜ ਰੁਪਏ ਦੀ ਗਰਾਂਟ ਪ੍ਰਾਪਤ ਹੋਈ ਹੈ।

ਯੂਨੀਵਰਸਿਟੀ ਦੀਆਂ ਪ੍ਰਾਪਤੀਆਂ :
ਪ੍ਰੋ. ਸੰਧੂ ਨੇ ਦੱਸਿਆ ਕਿ ਇਸ ਸਾਲ ਦੌਰਾਨ ਖੋਜ, ਸਿੱਖਿਆ, ਸੱਭਿਆਚਾਰ, ਖੇਡਾਂ ਅਤੇ ਕੈਂਪਸ ਪਲੇਸਮੈਂਟ ਦੇ ਖੇਤਰ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਹਿਮ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ 2018 ਦੇ ਦੌਰਾਨ ਯੂਨੀਵਰਸਿਟੀ ਨੇ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ਓਵਰਆਲ ਫਸਟ ਰਨਰ-ਅਪ ਟ੍ਰਾਫੀ ਅਤੇ ਆਲ ਇੰਡੀਆ ਇੰਟਰਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਵਿਚ ਓਵਰਆਲ ਸੈਕੰਡ ਰਨਰ-ਅਪ ਰਹੀ ਹੈ। ਖੇਡਾਂ ਦੇ ਖੇਤਰ ਵਿਚ, ਕ੍ਰਿਕਟ (ਪੁਰਸ਼), ਫੁੱਟਬਾਲ (ਔਰਤਾਂ), ਫੈਂਸਿੰਗ, ਜੂਡੋ ਅਤੇ ਟਰੈਕ ਸਾਈਕਲਿੰਗ ਵਿਚ ਆਲ ਇੰਡੀਆ ਚੈਂਪੀਅਨਸ਼ਿਪ ਜਿੱਤਣ ਤੋਂ ਇਲਾਵਾ ਯੂਨੀਵਰਸਿਟੀ ਨੇ ਭਾਰਤ ਦੇ ਰਾਸ਼ਟਰਪਤੀ ਤੋਂ 23ਵੀਂ ਵਾਰ  ਟਰਾਫੀ ਪ੍ਰਾਪਤ ਕੀਤੀ ਹੈ।

ਦੋ ਅਹਿਮ ਸ਼ਖਸੀਅਤਾਂ ਨੂੰ ਆਨਰਜ਼ ਕਾਜ਼ਾ ਡਿਗਰੀ ਪ੍ਰਦਾਨ ਕੀਤੀ ਜਾਵੇਗੀ
ਯੂਨੀਵਰਸਿਟੀ ਵੱਲੋਂ ਆਪਣੀ 45ਵੀਂ ਸਾਲਾਨਾ ਕਾਨਵੋਕੇਸ਼ਨ ਵਿਚ ਦੋ ਅਹਿਮ ਸ਼ਖਸੀਅਤਾਂ ਨੂੰ ਆਨਰਜ਼ ਕਾਜ਼ਾ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਵਿਚ ਸਾਇੰਸ ਫੈਕਲਟੀ ਵਿਚ, ਮਾਈਕ੍ਰੋਨ ਟੈਕਨਾਲੋਜੀ ਇੰਸਟਿਕਟ ਦੇ ਸੀਨੀਅਰ ਫੈਲੋ ਤੇ ਡਾਇਰੈਕਟਰ ਡਾ. ਗੁਰਤੇਜ ਸਿੰਘ ਸੰਧੂ (ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ) ਨੂੰ ਅਤੇ ਫੈਕਲਟੀ ਆਫ ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਚ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਲਾਈਫ ਵਾਈਸ-ਪ੍ਰੈਜ਼ੀਡੈਂਟ ਸ਼੍ਰੀ ਰਾਜਾ ਰਣਧੀਰ ਸਿੰਘ ਨੂੰ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਈ.ਟੀ. ਸਾਲੂਸ਼ਨਾਂ ਲਈ 2019-20 ਦੇ ਵਿਦਿਅਕ ਸੈਸ਼ਨਾਂ ਵਿਚ ਫੁਲ/ਪਾਰਟ ਟਾਈਮ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾਣਗੇ ਜੋ ਕਿ ਸਾਊਥ ਫਲੋਰੀਡਾ ਯੂਨੀਵਰਸਿਟੀ ਅਤੇ ਸੈਂਟਰ ਫਾਰ ਇੰਟਰਪਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ +1 ਅਤੇ +2 ਦੇ ਵਿਦਿਆਰਥੀ ਵੀ ਯੂਨੀਵਰਸਿਟੀ ਦੇ ਕਾਂਸਟੀਚਿਊਐਂਟ ਕਾਲਜਾਂ ਵਿਚ ਦਾਖਲਾ ਲੈ ਸਕਣਗੇ।


author

cherry

Content Editor

Related News