ਗਿਆਨੀ ਹਰਪ੍ਰੀਤ ਸਿੰਘ ਕੌਮੀ ਗਲਵੱਕੜੀ ''ਚ ਪੰਥ ਪ੍ਰਸਤ ਜਥੇਬੰਦੀਆਂ ਨੂੰ ਲੈਣ ''ਚ ਅਸਫ਼ਲ: ਹਵਾਰਾ ਕਮੇਟੀ

Saturday, Nov 21, 2020 - 01:25 PM (IST)

ਅੰਮ੍ਰਿਤਸਰ (ਅਨਜਾਣ): ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੀ ਕਾਰਜਸ਼ੀਲ ਕਮੇਟੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੇ 100ਸਾਲਾ ਸ਼ਤਾਬਦੀ ਦਿਵਸ ਮੌਕੇ ਦਿੱਤੇ ਭਾਸ਼ਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਪੰਥ ਪ੍ਰਸਤ ਜਥੇਬੰਦੀਆਂ ਨੂੰ ਕੌਮੀ ਗਲਵੱਕੜੀ 'ਚ ਲੈਣ 'ਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ। ਭਾਵੇਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਵੱਡਾ ਹਿੱਸਾ ਜਥੇਦਾਰ ਹਵਾਰਾ ਨੂੰ ਆਪਣਾ ਜਥੇਦਾਰ ਮੰਨਦਾ ਹੈ ਤੇ ਉਨ੍ਹਾਂ ਦੇ ਹਰ ਹੁਕਮ ਨੂੰ ਸਵੀਕਾਰਦਾ ਹੈ। ਇਸਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਜਸ਼ੈਲੀ ਤੇ ਪੰਥਕ ਜਥੇਬੰਦੀਆਂ ਬਾਜ ਨਿਗਾਹ ਬਣਾ ਕੇ ਰੱਖਦੀਆਂ ਹਨ ਕਿਉਂਕਿ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ 'ਚ ਬੈਠੇ ਬਾਦਲਕਿਆਂ ਦੇ ਜਥੇਦਾਰਾਂ ਦੀ ਵਿਕਾਊ ਤੇ ਡਰੀ ਮਾਨਸਿਕਤਾ ਦਾ ਗਿਆਨ ਹੈ। ਗਿਆਨੀ ਹਰਪ੍ਰੀਤ ਸਿੰਘ ਦੀਆਂ ਡਿਗਰੀਆਂ ਵੇਖ ਕੇ ਇਨ੍ਹਾਂ ਦੇ ਭਾਸ਼ਣ ਤੋਂ ਅਕਾਦਮਿਕਤਾ ਤੇ ਪੰਥ ਪ੍ਰਸਤੀ ਦੀ ਆਸ ਕੁਝ ਲੋਕਾਂ ਨੂੰ ਸੀ ਪਰ ਉਨ੍ਹਾਂ ਵੱਲੋਂ ਗੈਰ ਜ਼ਿੰਮੇਵਾਰੀ ਤੇ ਭਰਾ ਮਾਰੂ ਜੰਗ ਨੂੰ ਉਤਸ਼ਾਹਿਤ ਕਰਨ ਦੇ ਭਾਸ਼ਣ ਨੂੰ ਹਰ ਕੌਮ ਦਰਦੀ ਨੇ ਆਲੋਚਨਾ ਕੀਤੀ ਹੈ। 

ਇਹ ਵੀ ਪੜ੍ਹੋ  : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ

ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੀਆਂ ਏਜੰਸੀਆਂ ਦਾ ਭਾਰ ਹਲਕਾ ਹੋਇਆ ਹੈ ਕਿਉਂਕਿ ਉਹ ਵੀ ਭਰਾ ਮਾਰੂ ਜੰਗ ਨੂੰ ਬੜਾਵਾ ਦਿੰਦੀਆਂ ਹਨ। ਸ਼੍ਰੋਮਣੀ ਕਮੇਟੀ ਨੂੰ ਮਾਂ ਤੇ ਅਕਾਲੀ ਦਲ ਨੂੰ ਪੁੱਤ ਦਾ ਦਰਜਾ ਦੇਣ 'ਤੇ ਹਵਾਰਾ ਕਮੇਟੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਾਇਦ ਇਹ ਭੁੱਲ ਗਿਆ ਹੈ ਕਿ 1996 ਦੀ ਮੋਗਾ ਕਾਨਫਰੰਸ 'ਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਸੀ। ਬਾਦਲਕਿਆਂ ਦੀ ਪਾਰਟੀ ਨੇ ਪੰਥ ਅਤੇ ਪੰਜਾਬ ਵਿਰੋਧੀ ਕਾਰਨਾਮੇ ਕਰਕੇ ਕਪੁੱਤ ਹੋਣ ਦਾ ਸਬੂਤ ਦੇ ਦਿੱਤਾ ਹੈ ਤੇ ਮਾਂ ਸ਼੍ਰੋਮਣੀ ਕਮੇਟੀ ਨੂੰ ਲੰਮਾ ਪਾ ਕੇ ਕੁੱਟਣ, ਲੁੱਟਣ ਤੇ ਬੇਪੱਤ ਕਰਨ 'ਤੇ ਲੱਗੇ ਹਨ। ਇਹ ਦੋਨੋ ਮਾਂ-ਪੁੱਤ ਬਰਗਾੜੀ-ਬਹਿਬਲ ਕਲਾਂ, ਗੁਰਮੀਤ ਰਾਮ ਰਹੀਮ ਕੇਸ, ਨਕੋਦਰ ਕਾਂਡ, 1978 ਨਿਰੰਕਾਰੀ ਕਾਂਡ ਵੇਲੇ ਕਿੱਥੇ ਸਨ। ਮਾਂ ਪੁੱਤ ਨੇ ਕੌਮੀ ਸੰਸਥਾਵਾਂ ਨੂੰ ਪੰਥ ਵਿਰੋਧੀ ਤਾਕਤਾਂ ਦੇ ਗਹਿਣੇ ਪਾ ਦਿੱਤਾ, ਮੀਰੀ-ਪੀਰੀ ਦੇ ਸਿਧਾਂਤ ਨੂੰ ਨਜ਼ਰ ਅੰਦਾਜ਼ ਕਰਕੇ ਕੌਮੀ ਵਿਰਾਸਤ ਨੂੰ ਖੋਰਾ ਲਾ ਦਿੱਤਾ। ਬਿਨਾਂ ਸ਼ੱਕ ਭਾਰਤ ਸਰਕਾਰ 2014 ਤੇ 2019 'ਚ ਈ. ਵੀ. ਐੱਮ ਹੇਰਾਫ਼ੇਰੀ ਨਾਲ ਹੋਂਦ 'ਚ ਆਈ ਸੀ ਪਰ ਉਸ ਵੇਲੇ ਬਾਦਲ ਤੇ ਭਾਜਪਾ ਦਾ ਗਠਬੰਧਨ ਸੀ ਇਸ ਕਰਕੇ ਹਰਪ੍ਰੀਤ ਸਿੰਘ ਨੇ ਮੂੰਹ ਨਹੀਂ ਖੋਲ੍ਹਿਆ। ਜੇ ਮੋਦੀ ਈ. ਵੀ. ਐੱਮ ਦੀ ਪੈਦਾਇਸ਼ ਹੈ ਤਾਂ ਹਰਪ੍ਰੀਤ ਸਿੰਘ ਬਾਦਲਾਂ ਦੀ ਪੈਦਾਇਸ਼ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: 7 ਮਹੀਨਿਆਂ ਬਾਅਦ ਮੁੜ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਾਹਮਣੇ ਬਾਦਲਾਂ ਦਾ ਮੁੱਲ ਵਧਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤ ਕੇ ਮੋਦੀ ਖ਼ਿਲਾਫ਼ ਇਹ ਬਿਆਨ ਦਿੱਤਾ ਗਿਆ ਹੈ। ਲਾਪਤਾ ਪਾਵਨ ਸਰੂਪਾਂ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿੱਤੇ ਬਿਆਨ 'ਤੇ ਸਹਿਮਤੀ ਨਾ ਪ੍ਰਗਟਾਉਂਦੇ ਹੋਏ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਐਡਵੋਕੇਟ ਅਮਰ ਸਿੰਘ ਚਾਹਲ, ਮਹਾਂਵੀਰ ਸਿੰਘ ਸੁਲਤਾਨਵਿੰਡ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ,ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਗੁਰਜੰਟ ਸਿੰਘ, ਇੰਦਰਬੀਰ ਸਿੰਘ ਪਟਿਆਲਾ, ਮਾਸਟਰ ਬਲਦੇਵ ਸਿੰਘ, ਸੁਖਰਾਜ ਸਿੰਘ ਵੇਰਕਾ ਵਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਦੇ ਪੰਨਾ ਨੰਬਰ 288 ਤੇ ਅੰਕਿਤ ਸਿਰਲੇਖ ਪਾਵਨ ਸਰੂਪ ਕਿੱਥੇ ਗਏ ਤੋਂ ਸਪੱਸ਼ਟ ਹੈ ਕਿ ਪੜ੍ਹਤਾਲੀਆਂ ਕਮਿਸ਼ਨ ਇਸ ਸਵਾਲ ਦਾ ਜਵਾਬ ਲੱਭਣ 'ਚ ਅਸਮਰੱਥ ਰਿਹਾ ਹੈ। ਇਸ ਮੁੱਦੇ 'ਤੇ ਗਿਆਨੀ ਹਰਪ੍ਰੀਤ ਸਿੰਘ ਕੌਮ ਨੂੰ ਗੁੰਮਰਾਹ ਕਰ ਰਹੇ ਨੇ ਤੇ ਇਨਸਾਫ਼ ਮੰਗ ਰਹੀਆਂ ਜਥੇਬੰਦੀਆਂ ਨੂੰ ਜਵਾਬ ਦੇਣ ਦੀ ਥਾਂ ਤੇ ਕਾਂਗਰਸ ਦੀਆਂ ਕੈਟ (ਏਜੰਟ) ਦੱਸਣ ਦੇ ਨਾਲ-ਬਾਲ ਡਾਂਗਾਂ ਤੇ ਕਿਰਪਾਨਾਂ ਨਾਲ ਕੁੱਟਣ-ਮਾਰਨ ਨੂੰ ਵੀ ਸਾਜਿਸ਼ ਠਹਿਰਾ ਰਹੇ ਹਨ।


Baljeet Kaur

Content Editor

Related News