ਨਕਲੀ ਸਬਮਰਸੀਬਲ ਪੰਪ ਬਣਾਉਣ ਵਾਲੀਆਂ 2 ਫੈਕਟਰੀਆਂ ਦੇ ਮਾਲਕ ਗ੍ਰਿਫਤਾਰ

07/20/2019 11:36:03 AM

ਅੰਮ੍ਰਿਤਸਰ (ਸੰਜੀਵ) : ਮਹਿਤਾ ਰੋਡ 'ਤੇ ਨਕਲੀ ਸਬਮਰਸੀਬਲ ਪੰਪ ਬਣਾਉਣ ਵਾਲੀਆਂ 2 ਫੈਕਟਰੀਆਂ 'ਚ ਬਾਜ ਮੋਟਰਜ਼ ਅਤੇ ਸਾਈਂ ਇੰਟਰਪ੍ਰਾਈਜ਼ਜ਼ ਦਾ ਪਰਦਾਫਾਸ਼ ਕਰ ਕੇ ਉਨ੍ਹਾਂ ਦੇ ਮਾਲਕਾਂ ਸੁਖਦੇਵ ਸਿੰਘ ਅਤੇ ਮਨੋਜ ਕੁਮਾਰ ਨੂੰ ਅੱਜ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਵਾਂ ਫੈਕਟਰੀਆਂ ਦੇ ਮਾਲਕ ਹੈਵਲ ਇੰਡੀਆ, ਊਸ਼ਾ ਇੰਟਰਨੈਸ਼ਨਲ ਅਤੇ ਬਜਾਜ ਇਲੈਕਟ੍ਰੀਕਲ ਦੀਆਂ ਮੋਹਰਾਂ ਲਾ ਕੇ ਨਕਲੀ ਸਬਮਰਸੀਬਲ ਪੰਪ ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਸਪਲਾਈ ਕਰ ਰਹੇ ਸਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 102 ਤਿਆਰ ਅਤੇ 26 ਅਧੂਰੇ ਪੰਪ ਬਰਾਮਦ ਕਰ ਕੇ ਸੀਲ ਕੀਤੇ ਹਨ। ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਪੀਡ ਨੈੱਟਵਰਕ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ 'ਚ ਅੱਜ ਸਵੇਰੇ ਰਮੇਸ਼ ਦੱਤ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਮਹਿਤਾ ਰੋਡ ਸਥਿਤ 2 ਫੈਕਟਰੀਆਂ ਵੱਲੋਂ ਹੈਵਲ, ਊਸ਼ਾ ਅਤੇ ਬਜਾਜ ਦੀਆਂ ਮੋਹਰਾਂ ਲਾ ਕੇ ਨਕਲੀ ਸਬਮਰਸੀਬਲ ਪੰਪ ਤਿਆਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬਾਹਰੀ ਰਾਜਾਂ 'ਚ ਭੇਜਿਆ ਰਿਹਾ ਹੈ, ਜਿਸ 'ਤੇ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ 'ਚ ਇਕ ਸਪੈਸ਼ਲ ਟੀਮ ਦਾ ਗਠਨ ਕਰ ਕੇ ਦੋਵਾਂ ਫੈਕਟਰੀਆਂ 'ਚ ਛਾਪੇਮਾਰੀ ਕੀਤੀ ਗਈ, ਜਿਥੋਂ ਨਕਲੀ ਮੋਹਰਾਂ ਤੇ 102 ਸਬਮਰਸੀਬਲ ਪੰਪ ਬਰਾਮਦ ਕੀਤੇ ਗਏ ਅਤੇ 26 ਪੰਪ ਬਿਨਾਂ ਨਿਸ਼ਾਨ ਦੇ ਕਬਜ਼ੇ ਵਿਚ ਲਏ ਗਏ।

ਇਸ ਸਬੰਧੀ ਚੌਕੀ ਇੰਚਾਰਜ ਏ. ਐੱਸ. ਆਈ. ਸਤਨਾਮ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਫੈਕਟਰੀ ਵਿਚ ਛਾਪੇਮਾਰੀ ਕਰ ਦਿੱਤੀ ਗਈ, ਜਿਥੋਂ ਮੋਹਰਾਂ ਲੱਗੇ ਨਕਲੀ ਪੰਪ ਕਬਜ਼ੇ ਵਿਚ ਲੈ ਕੇ ਫੈਕਟਰੀ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਏ. ਡੀ. ਸੀ. ਪੀ. ਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਿਤਾ ਰੋਡ ਸਥਿਤ 2 ਫੈਕਟਰੀਆਂ 'ਚ ਸਬਮਰਸੀਬਲ ਪੰਪ ਤਿਆਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ 'ਤੇ ਕੰਪਨੀਆਂ ਦੀਆਂ ਨਕਲੀਆਂ ਮੋਹਰਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਪੰਪਾਂ ਨੂੰ ਕਰਨ ਤੋਂ ਬਾਅਦ ਬਾਹਰੀ ਰਾਜਾਂ 'ਚ ਮਹਿੰਗੇ ਰੇਟਾਂ 'ਤੇ ਵੇਚਿਆ ਜਾਂਦਾ ਹੈ, ਜਿਸ 'ਤੇ ਅੱਜ ਛਾਪੇਮਾਰੀ ਕਰ ਕੇ ਨਕਲੀ ਸਬਮਰਸੀਬਲ ਪੰਪ ਤਿਆਰ ਕਰਨ ਦੇ ਇਸ ਗੋਰਖਧੰਦੇ ਨੂੰ ਬੇਨਕਾਬ ਕਰ ਦਿੱਤਾ ਗਿਆ। ਦੋਵਾਂ ਫੈਕਟਰੀਆਂ ਦੇ ਮਾਲਕਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਲਜ਼ਮਾਂ ਦਾ ਰਿਕਾਰਡ ਖੰਗਾਲ ਰਹੀ ਹੈ ਅਤੇ ਉਨ੍ਹਾਂ ਵੱਲੋਂ ਹੁਣ ਤੱਕ ਸਪਲਾਈ ਕੀਤੇ ਪੰਪਾਂ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ।


Baljeet Kaur

Content Editor

Related News