ਮੰਤਰੀ ਰੰਧਾਵਾ ਖਿਲਾਫ ਫੈੱਡਰੇਸ਼ਨ ਮਹਿਤਾ ਦਾ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ

Wednesday, Aug 29, 2018 - 11:29 AM (IST)

ਮੰਤਰੀ ਰੰਧਾਵਾ ਖਿਲਾਫ ਫੈੱਡਰੇਸ਼ਨ ਮਹਿਤਾ ਦਾ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ

ਅੰਮ੍ਰਿਤਸਰ (ਛੀਨਾ) : ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ ਨੇ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਵਿੱਤਰ ਗੁਰਬਾਣੀ ਦੀ ਤੁਕ ਦੇ ਗਲਤ ਉਚਾਰਨ ਕਰਨ ਦਾ ਸਖਤ ਨੋਟਿਸ ਲਿਆ ਹੈ। ਇਸ ਸਬੰਧੀ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦਾ ਇਕ ਵਫਦ ਪ੍ਰਧਾਨ ਅਮਰਬੀਰ ਸਿੰਘ ਢੋਹ ਦੀ ਅਗਵਾਈ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਤੇ ਮੰਗ ਪੱਤਰ ਸੌਂਪ ਕੇ ਮੰਤਰੀ ਸੁੱਖੀ ਰੰਧਾਵਾ ਨੂੰ ਇਸ ਗਲਤੀ ਬਦਲੇ ਸਿੱਖ ਕੌਮ ਤੋਂ ਛੇਕਣ ਦੀ ਮੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਅਮਰਬੀਰ ਸਿੰਘ ਢੋਹ ਤੇ ਗਗਨਦੀਪ ਸਿੰਘ ਨੇ ਕਿਹਾ ਕਿ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਸੱਤਾ ਦੇ ਨਸ਼ੇ 'ਚ ਇੰਨਾ ਚੂਰ ਹੋ ਗਿਆ ਹੈ ਕਿ ਉਸ ਨੂੰ ਪਵਿੱਤਰ ਗੁਰਬਾਣੀ ਦਾ ਅਦਬ-ਸਤਿਕਾਰ ਤੇ ਮਰਿਆਦਾ ਵੀ ਭੁੱਲ ਗਈ ਹੈ। 

ਉਨ੍ਹਾਂ ਕਿਹਾ ਕਿ ਸੁੱਖੀ ਰੰਧਾਵਾ ਵਲੋਂ ਗੁਰਬਾਣੀ ਦੀ ਤੁਕ ਦਾ ਗਲਤ ਉਚਾਰਨ ਕਰਨ ਨਾਲ ਸਿੱਖ ਕੌਮ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਹੈ, ਜਿਸ ਸਦਕਾ ਉਸ ਦੀ ਗਲਤੀ ਮੁਆਫ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁੱਖੀ ਰੰਧਾਵਾ ਨੂੰ ਇਸ ਗੁਨਾਹ ਦਾ ਅਹਿਸਾਸ ਕਰਵਾਉਣ ਲਈ ਫੈੱਡਰੇਸ਼ਨ ਮਹਿਤਾ ਦੇ ਨੁਮਾਇੰਦਿਆਂ ਵਲੋਂ ਪੰਜਾਬ 'ਚ ਹਰੇਕ ਜਗ੍ਹਾ ਘਿਰਾਓ ਕਰਕੇ ਉਸ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫੈੱਡਰੇਸ਼ਨ ਮਹਿਤਾ ਦੇ ਵਫਦ ਨੂੰ ਭਰੋਸਾ ਦਿਵਾਉਣ ਕਿ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ 'ਚ ਸੁੱਖੀ ਰੰਧਾਵਾ ਦੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਕਿਉਂਕਿ ਇਹ ਗੁਰਬਾਣੀ ਨਾਲ ਜੁੜਿਆ ਹੋਇਆ ਬੇਹੱਦ ਸੰਵੇਦਸ਼ੀਲ ਮਾਮਲਾ ਹੈ। ਇਸ ਮੌਕੇ ਜਗਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਰਾਜੋਕੇ, ਗੁਰਦੀਪ ਸਿੰਘ ਸੁਰਸਿੰਘ, ਮਨਜੀਤ ਸਿੰਘ ਜੌੜਾ ਫਾਟਕ ਅਦਿ ਹੋਰ ਵੀ ਆਗੂ ਹਾਜ਼ਰ ਸਨ।


Related News