ਪਾਕਿਸਤਾਨ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰਨਗੇ ਕਸਟਮ ਵਿਭਾਗ ਦੇ 11 ਸਨਿਫਰ ਡਾਗ

Friday, Feb 14, 2020 - 10:22 AM (IST)

ਪਾਕਿਸਤਾਨ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰਨਗੇ ਕਸਟਮ ਵਿਭਾਗ ਦੇ 11 ਸਨਿਫਰ ਡਾਗ

ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਕਸਟਮ ਵਿਭਾਗ ਨੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ 11 ਸਨਿਫਰ ਡਾਗਸ ਦੀ ਇਕ ਟੀਮ ਤਿਆਰ ਕਰ ਲਈ ਹੈ, ਜੋ ਆਈ. ਸੀ. ਪੀ. ਅਟਾਰੀ ਬਾਰਡਰ, ਇੰਟਰਨੈਸ਼ਨਲ ਅਟਾਰੀ ਰੇਲਵੇ ਸਟੇਸ਼ਨ, ਇੰਟਰਨੈਸ਼ਨਲ ਰੇਲ ਕਾਰਗੋ ਅੰਮ੍ਰਿਤਸਰ ਅਤੇ ਇੰਟਰਨੈਸ਼ਨਲ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਹੈਰੋਇਨ ਅਤੇ ਹੋਰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਰੋਕਣ ਲਈ ਕਸਟਮ ਵਿਭਾਗ ਦੀ ਮਦਦ ਕਰੇਗੀ। ਇਸ ਟ੍ਰੇਨਿੰਗ ਸਕੂਲ ਵਿਚ ਡਾਗ ਟ੍ਰੇਨਰਾਂ ਵੱਲੋਂ ਸਨਿਫਰ ਡਾਗਸ ਨੂੰ ਹੈਰੋਇਨ ਅਤੇ ਹੋਰ ਨਸ਼ੇ ਵਾਲੇ ਪਦਾਰਥਾਂ ਨੂੰ ਟ੍ਰੇਸ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਸੀ. ਪੀ. ਡਬਲਿਊ. ਡੀ. ਦੀ ਸਹਾਇਤਾ ਨਾਲ ਇਸ ਟ੍ਰੇਨਿੰਗ ਸਕੂਲ ਦੀ ਉਸਾਰੀ ਕਰਵਾਈ ਹੈ, ਜਿਸ ਵਿਚ 11 ਸਨਿਫਰ ਡਾਗਸ ਨੂੰ ਟ੍ਰੇਨਿੰਗ ਦੀ ਵਿਵਸਥਾ ਕੀਤੀ ਗਈ ਹੈ। ਕਸਟਮ ਵਿਭਾਗ ਦਾ ਦੇਸ਼ 'ਚ ਇਹ ਪਹਿਲਾ ਸਨਿਫਰ ਡਾਗ ਟ੍ਰੇਨਿੰਗ ਸਕੂਲ ਹੈ, ਜੋ ਪਾਕਿਸਤਾਨੀ ਸਮੱਗਲਰਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰੇਗਾ। ਇਸ ਤੋਂ ਪਹਿਲਾਂ ਕਸਟਮ ਵਿਭਾਗ ਕੋਲ ਸਿਰਫ ਇਕ ਹੀ ਸਨਿਫਰ ਡਾਗ ਸੀ। ਜੋ ਡਾਗਸ ਪਹਿਲਾਂ ਸਨ, ਉਹ ਅਧਿਕਾਰੀਆਂ ਦੀ ਲਾਪ੍ਰਵਾਹੀ ਨਾਲ ਮਰ ਗਏ।

ਇਕਲੌਤੇ ਅਰਜੁਨ ਨੇ ਹੀ ਆਈ. ਸੀ. ਪੀ. 'ਤੇ ਫੜੀ ਸੀ 532 ਕਿਲੋ ਹੈਰੋਇਨ
ਅਟਾਰੀ ਬਾਰਡਰ 'ਤੇ ਹੈਰੋਇਨ ਸਮੱਗਲਿੰਗ ਦੀ ਗੱਲ ਕਰੀਏ ਤਾਂ ਕਸਟਮ ਵਿਭਾਗ ਦੇ ਇਕਲੌਤੇ ਸਨਿਫਰ ਡਾਗ ਅਰਜੁਨ ਨੇ ਹੀ ਪਾਕਿਸਤਾਨ ਤੋਂ ਆਏ ਨਮਕ ਦੀ ਖੇਪ 'ਚੋਂ 532 ਕਿਲੋ ਹੈਰੋਇਨ ਅਤੇ ਮਿਕਸਡ ਨਾਰਕੋਟਿਕਸ ਨੂੰ ਟ੍ਰੇਸ ਕੀਤਾ ਸੀ। ਜਾਣਕਾਰੀ ਅਨੁਸਾਰ ਪਾਕਿਸਤਾਨੀ ਸਮੱਗਲਰਾਂ ਨੇ ਹੈਰੋਇਨ ਦੀ ਖੇਪ ਨੂੰ ਨਮਕ ਦੀਆਂ ਬੋਰੀਆਂ ਅੰਦਰ ਪਲਾਸਟਿਕ ਦੀ ਟ੍ਰਿਪਲ ਲੇਅਰ ਵਾਲੀਆਂ ਬੋਰੀਆਂ 'ਚ ਇਸ ਤਰ੍ਹਾਂ ਪੈਕ ਕਰ ਕੇ ਭੇਜਿਆ ਸੀ, ਜਿਸ ਨੂੰ ਟ੍ਰੇਸ ਕਰ ਸਕਣਾ ਅਤਿਅੰਤ ਮੁਸ਼ਕਲ ਸੀ ਪਰ ਅਰਜੁਨ ਨੇ ਆਪਣੀ ਟ੍ਰੇਨਿੰਗ ਅਤੇ ਸੁੰਘਣ ਸ਼ਕਤੀ ਨਾਲ ਹੈਰੋਇਨ ਦੀ ਖੇਪ ਨੂੰ ਫੜ ਲਿਆ ਅਤੇ ਪੂਰੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਹੋਣ ਤੋਂ ਬਚਾ ਲਿਆ।

ਸਕੈਨਰ ਵੀ ਨਹੀਂ ਕਰ ਸਕਦਾ ਸਨਿਫਰ ਡਾਗ ਵਰਗਾ ਕੰਮ
ਹੈਰੋਇਨ ਅਤੇ ਹੋਰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ 'ਚ ਸੁਰੱਖਿਆ ਏਜੰਸੀਆਂ ਦੇ ਮਾਹਿਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ੇ ਵਾਲੇ ਪਦਾਰਥਾਂ ਨੂੰ ਟ੍ਰੇਸ ਕਰਨ ਲਈ ਜੋ ਕੰਮ ਸਨਿਫਰ ਡਾਗ ਕਰ ਸਕਦਾ ਹੈ, ਉਹ ਟਰੱਕ ਸਕੈਨਰ ਵੀ ਨਹੀਂ ਕਰ ਸਕਦਾ। ਇੰਨਾ ਹੀ ਨਹੀਂ, ਟਰੱਕ ਸਕੈਨਰ 'ਤੇ ਤਾਇਨਾਤ ਅਧਿਕਾਰੀ ਬੇਈਮਾਨ ਹੋ ਸਕਦਾ ਹੈ ਪਰ ਡਾਗ ਨਹੀਂ।

ਕੀ ਹੈ ਡਾਗ ਟ੍ਰੇਨਿੰਗ ਸਕੂਲ 'ਚ ਵਿਵਸਥਾ
-
ਸਕੂਲ 'ਚ ਲੈਬਰੇ ਅਤੇ ਇਕ ਵਿਦੇਸ਼ੀ ਜਾਤੀ ਦੇ ਡਾਗਸ ਨੂੰ ਰੱਖਿਆ ਗਿਆ ਹੈ।
- ਆਈ. ਸੀ. ਪੀ. ਅਟਾਰੀ ਦੇ ਸਨਿਫਰ ਡਾਗ ਟ੍ਰੇਨਿੰਗ ਸਕੂਲ 'ਚ ਡਾਗਸ ਦੇ ਰਹਿਣ ਲਈ ਸਟੀਲ ਦੀਆਂ ਪਾਈਪਾਂ ਵਾਲੇ ਰੂਮ ਬਣਾਏ ਗਏ ਹਨ।
- ਰੂਮਸ 'ਚ ਸਫਾਈ ਦੀ ਪੂਰੀ ਵਿਵਸਥਾ ਹੈ। ਸਾਰੇ ਕਮਰਿਆਂ ਨੂੰ ਇਕ ਲੰਬੇ ਪੱਕੇ ਸ਼ੈੱਡ ਦੇ ਹੇਠਾਂ ਰੱਖਿਆ ਗਿਆ ਹੈ।
- ਸ਼ੈੱਡ 'ਚ ਗਰਮੀ ਦੇ ਦਿਨਾਂ 'ਚ ਠੰਡਕ ਅਤੇ ਸਰਦੀ ਦੇ ਦਿਨਾਂ ਵਿਚ ਹੀਟਰ ਦੀ ਵਿਵਸਥਾ ਰੱਖੀ ਗਈ ਹੈ।
- ਡਾਗਸ ਦੇ ਖਾਣ-ਪੀਣ ਦੀ ਵੀ ਪੂਰੀ ਵਿਵਸਥਾ।
- ਫੌਜ ਤੋਂ ਰਿਟਾਇਰ ਹੋ ਚੁੱਕੇ ਅਧਿਕਾਰੀਆਂ ਨੂੰ ਸਨਿਫਰ ਡਾਗਸ ਦੀ ਟ੍ਰੇਨਿੰਗ ਲਈ ਤਾਇਨਾਤ ਕੀਤਾ।
- ਟ੍ਰੇਨਿੰਗ ਲੈਣ ਵਾਲੇ ਡਾਗਸ ਨੂੰ ਆਈ. ਸੀ. ਪੀ. ਤੋਂ ਇਲਾਵਾ ਅਟਾਰੀ ਰੇਲਵੇ ਸਟੇਸ਼ਨ, ਏਅਰਪੋਰਟ ਅਤੇ ਹੋਰ ਸਥਾਨਾਂ 'ਤੇ ਪ੍ਰਯੋਗ ਕੀਤਾ ਜਾਵੇਗਾ।


author

Baljeet Kaur

Content Editor

Related News