ਕੋਰੋਨਾ ਵਾਇਰਸ ਦੇ ਚੱਲਦੇ ਸ੍ਰੀ ਹਰਿਮੰਦਰ ਸਾਹਿਬ ਦਾ ਨਵਾਂ ਉਪਰਾਲਾ

Sunday, Mar 15, 2020 - 04:15 PM (IST)

ਕੋਰੋਨਾ ਵਾਇਰਸ ਦੇ ਚੱਲਦੇ ਸ੍ਰੀ ਹਰਿਮੰਦਰ ਸਾਹਿਬ ਦਾ ਨਵਾਂ ਉਪਰਾਲਾ

ਅੰਮ੍ਰਿਤਸਰ (ਸੁਮਿਤ ਖੰਨਾ) : ਕੋਰੋਨਾਵਾਇਰਸ ਦੇ ਚੱਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੈਨੀਟਾਈਜ਼ਰ ਨਾਲ ਸੰਗਤਾਂ ਦੇ ਹੱਥ ਸਾਫ ਕਰਨ ਦੀ ਸੇਵਾ ਮੁਹੱਈਆ ਕਰਾਈ ਜਾ ਰਹੀ ਹੈ। ਇਹ ਕਾਰਜ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਗੇਟਾਂ, ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਸਾਰੇ ਗੇਟਾਂ 'ਤੇ ਚੱਲ ਰਿਹਾ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਹੈ।

ਇਥੇ ਦੱਸ ਦੇਈਏ ਕਿ ਦੁਨੀਆ ਭਰ ਵਿਚ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਵੀ ਬੀਤੇ ਦਿਨ ਸੂਬੇ ਦੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿੰਮ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਗਿਆ ਹੈ। ਸਿਹਤ ਮੰਤਰੀ ਮੁਤਾਬਕ ਕੋਰੋਨਾ ਵਾਇਰਸ ਕਾਰਨ ਅਹਿਤਿਆਤ ਵਜੋਂ 31 ਮਾਰਚ ਤਕ ਜਨਤਕ ਥਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਦੇ ਹੋਏ ਹੁਕਮ ਜਾਰੀ ਕਰਦਿਆਂ ਆਖਿਆ ਹੈ ਕਿ ਜਿਨ੍ਹਾਂ ਸਕੂਲਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ਸਿਰਫ ਉਹੀ ਸਕੂਲ ਖੁੱਲ੍ਹੇ ਰਹਿਣਗੇ ਜਦਕਿ ਬਾਕੀ ਸਾਰੇ ਸਕੂਲ 31 ਮਾਰਚ ਤਕ ਬੰਦ ਰਹਿਣਗੇ।

ਇੱਥੇ ਤੁਹਾਨੂੰ ਦੱਸ ਦੇਈਏ ਕਿ ਸਾਵਧਾਨੀ ਵਰਤਦੇ ਹੋਏ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
1. ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
2. ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
3. ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
5. ਟਿਸ਼ੂ ਨਹੀਂ ਹੈ ਤਾਂ ਛਿਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
6. ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
7. ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
8. ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
9. ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
10.ਮੀਟ, ਅੰਡੇ ਆਦਿ ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।


author

Baljeet Kaur

Content Editor

Related News