25 ਪਿੰਡਾਂ ਦੇ ਕਾਂਗਰਸੀਆਂ ਨੇ ਕਾਂਗਰਸ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
Thursday, Apr 11, 2019 - 09:22 AM (IST)
ਅੰਮ੍ਰਿਤਸਰ (ਛੀਨਾ) : ਕੈਪਟਨ ਸਰਕਾਰ ਦੇ ਰਾਜ 'ਚ ਕਾਂਗਰਸੀ ਮੋਹਤਬਰਾਂ, ਸਰਪੰਚਾਂ ਤੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਵਿਧਾਇਕ ਵੀ ਹੈਲਪਲੈੱਸ ਹੋ ਚੁੱਕੇ ਹਨ ਕਿਉਂਕਿ ਪੁਲਸ ਪ੍ਰਸ਼ਾਸਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਾਂਗਰਸੀਆਂ ਨੂੰ ਟਿੱਚ ਸਮਝਦੇ ਹਨ। ਇਹ ਵਿਚਾਰ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਵਰਪਾਲ ਵਿਖੇ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਅਵਤਾਰ ਸਿੰਘ ਲਾਲੀ ਗਿੱਲ ਤੇ ਮਾਰਕੀਟ ਕਮੇਟੀ ਗਹਿਰੀ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ 25 ਪਿੰਡਾਂ ਦੇ ਸਰਪੰਚਾਂ, ਸਾਬਕਾ ਚੇਅਰਮੈਨਾਂ, ਬਲਾਕ ਸੰਮਤੀ ਮੈਂਬਰਾਂ, ਮੋਹਤਬਰਾਂ ਤੇ ਵਰਕਰਾਂ ਦੇ ਹੋਏ ਵੱਡੇ ਇਕੱਠ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੈਪਟਨ ਸਰਕਾਰ ਖਿਲਾਫ ਆਪਣੀ ਭੜਾਸ ਕੱਢਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਸਮੇਤ ਸਰਕਾਰੀ ਵਿਭਾਗਾਂ 'ਚ ਕਾਂਗਰਸੀ ਆਗੂਆਂ, ਵਰਕਰਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ, ਪੈਸੇ ਲੈ ਕੇ ਸਭ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਦਾ ਸੰਤਾਪ ਹੰਢਾਉਣ ਤੋਂ ਬਾਅਦ ਬੜੇ ਉਤਸ਼ਾਹ ਨਾਲ ਕਾਂਗਰਸ ਸਰਕਾਰ ਨੂੰ ਸੱਤਾ 'ਚ ਲਿਆਉਣ ਲਈ ਦਿਨ-ਰਾਤ ਇਕ ਕੀਤਾ ਸੀ, ਜਿਸ ਲਈ ਪਿੰਡ 'ਚ ਧੜੇਬੰਦੀਆਂ ਬਣਨ ਕਾਰਨ ਦੁਸ਼ਮਣੀਆਂ ਵੀ ਪਾਈਆਂ ਤੇ ਜੇਕਰ ਇੰਨਾ ਕੁਝ ਕਰਨ ਦੇ ਬਾਵਜੂਦ ਕਾਂਗਰਸੀ ਆਗੂਆਂ, ਵਰਕਰਾਂ ਦੀ ਸਰਕਾਰ 'ਚ ਕੋਈ ਪੁੱਛ-ਪ੍ਰਤੀਤ ਨਹੀਂ ਹੋ ਰਹੀ ਤਾਂ ਸਾਡੇ ਨਾਲ ਕੌਣ ਜੁੜੇਗਾ, ਸਾਡੇ ਕਹਿਣ 'ਤੇ ਕਾਂਗਰਸ ਨੂੰ ਵੋਟ ਕੌਣ ਪਾਏਗਾ, ਇਸ ਨਾਲੋਂ ਤਾਂ ਘਰਾਂ 'ਚ ਬੈਠ ਜਾਣਾ ਹੀ ਕਿਤੇ ਜ਼ਿਆਦਾ ਬਿਹਤਰ ਹੈ।
ਇਸ ਮੌਕੇ ਗੁਰਨਾਮ ਸਿੰਘ ਗਿੱਲ, ਨਿਰਵੈਲ ਸਿੰਘ ਇੰਬਨ ਦੋਵੇਂ ਮੈਂਬਰ ਜ਼ਿਲਾ ਪ੍ਰੀਸ਼ਦ, ਦਿਆਲ ਸਿੰਘ, ਰੇਸ਼ਮ ਸਿੰਘ ਵਰਪਾਲ ਦੋਵੇਂ ਮੈਂਬਰ ਬਲਾਕ ਸੰਮਤੀ, ਸਰਪੰਚ ਸ਼ਮਸ਼ੇਰ ਸਿੰਘ ਸ਼ਾਹ ਗੁਰੂਵਾਲੀ, ਸਰਪੰਚ ਸੁਖਰਾਜ ਸਿੰਘ ਰੰਧਾਵਾ ਮਾਨਾਂਵਾਲਾ ਸਮੇਤ ਹੋਰ ਵੀ ਬਹੁਤ ਸਾਰੇ ਕਾਂਗਰਸੀ ਹਾਜ਼ਰ ਸਨ, ਜਿਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਅਜੇ ਵੀ ਵਿਧਾਇਕਾਂ ਤੇ ਕਾਂਗਰਸੀ ਆਗੂਆਂ, ਵਰਕਰਾਂ ਦੇ ਮਾਣ-ਸਨਮਾਨ ਨੂੰ ਲੈ ਕੇ ਗੰਭੀਰ ਨਾ ਹੋਏ ਤਾਂ ਆਉਣ ਵਾਲਾ ਸਮਾਂ ਕਾਂਗਰਸ ਲਈ ਬੇਹੱਦ ਘਾਤਕ ਸਿੱਧ ਹੋ ਸਕਦਾ ਹੈ।