ਚੀਫ ਖਾਲਸਾ ਦੀਵਾਨ ਤੇ ਹੋਰ ਕਮੇਟੀਆਂ ਦੇ ਸਹਿਯੋਗ ਨਾਲ ਵਨ ਡੋਮੇਨ ਯੂਨੀਵਰਸਿਟੀ ਬਣਾਈ ਜਾਵੇਗੀ : ਸਿੰਘ ਸਾਹਿਬ
Wednesday, May 22, 2019 - 08:03 AM (IST)

ਅੰਮ੍ਰਿਤਸਰ (ਅਨਜਾਣ) : ਦਫਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ 'ਤੇ ਚੱਲਣ ਵਾਲੀਆਂ 12 ਵਿਸ਼ਵ ਪੱਧਰੀ ਤਾਲਮੇਲ ਕਮੇਟੀਆਂ ਦੀ ਇਕੱਤਰਤਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਈ, ਜਿਸ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਮੀਟਿੰਗ 'ਚ ਸਿੱਖ ਧਰਮ ਨੂੰ ਦਰਪੇਸ਼ ਚੁਣੌਤੀਆਂ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਵਿਉਂਤਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਜਥੇਬੰਦੀਆਂ ਨਾਲ ਹੋਈ ਵਿਚਾਰ ਉਪਰੰਤ ਵਨ ਡੋਮੇਨ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਵਿਚ ਸਿਰਫ਼ ਸਿੱਖ ਧਰਮ, ਸਿੱਖੀ ਸਿਧਾਂਤਾਂ, ਸਿੱਖ ਵਿਰਸਾ, ਸਿੱਖ ਸਰਮਾਇਆ, ਗੁਰਬਾਣੀ ਇਤਿਹਾਸ, ਗੁਰਮਤਿ ਵਿੱਦਿਆ ਦੀ ਸਿਖਲਾਈ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਹ ਕਮੇਟੀਆਂ ਸਿੱਖ ਖੋਜਕਾਰ, ਸਿੱਖ ਵਿਦਿਅਕ ਸੰਸਥਾਵਾਂ ਦੀ ਐਜੂਕੇਸ਼ਨ ਪਾਲਿਸੀ ਕੀ ਹੋਵੇਗੀ, ਨਵੀਂ ਪੀੜ੍ਹੀ 'ਚ ਕਿਵੇਂ ਸਿੱਖ ਚੇਤਨਤਾ ਭਰੀ ਜਾਵੇਗੀ, ਮਨੁੱਖੀ ਵਸੀਲੇ, ਗੁਰਬਾਣੀ ਅਤੇ ਗੁਰਮਤਿ ਇਤਿਹਾਸ ਦਾ ਸਿਰਲੇਖਵਾਰ ਅਧਿਐਨ, ਸਿੱਖ ਮੀਡੀਆ, ਕੌਮੀ ਸਿੱਖ ਸੰਸਥਾਵਾਂ ਜਿਵੇਂ ਸਿਕਲੀਗਰ, ਵਣਜਾਰੇ, ਸਤਨਾਮੀ ਸਿੱਖਾਂ ਨੂੰ ਸਿੱਖ ਧਾਰਾ 'ਚ ਲਿਆਉਣ ਆਦਿ 'ਤੇ ਵੀ ਕੰਮ ਕਰਨਗੀਆਂ।
ਇਕੱਤਰਤਾ 'ਚ ਕਮੇਟੀ ਦੇ ਕੋਆਰਡੀਨੇਟਰ ਗੁਰਮੀਤ ਸਿੰਘ ਅਤੇ ਇੰਦਰਪਾਲ ਸਿੰਘ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਉਲੀਕੇ ਪ੍ਰੋਗਰਾਮ ਜਿਨ੍ਹਾਂ 'ਚ ਯੂਨੈਸਕੋ (ਯੂ. ਐੱਨ. ਓ.) ਵੱਲੋਂ ਮਨਾਏ ਜਾ ਰਹੇ ਸਥਾਨਕ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਵਰ੍ਹੇ ਨੂੰ ਸਮਰਪਿਤ 'ਗੁਰੂ ਨਾਨਕ, ਦਿ ਮਿਸਟਿਕ ਕਮਿਊਨੀਕੇਸ਼ਨ ਆਫ ਇੰਡੀਗਨਿਅਸ ਲੈਂਗੁਏਜ' ਸਬੰਧੀ ਸੈਮੀਨਾਰ ਕਰਵਾਉਣ ਅਤੇ ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਸਿੱਖ ਵਿਦਿਆਰਥੀ ਅਤੇ ਯੁਵਕ ਕਾਨਫਰੰਸ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜਸਜੀਤ ਸਿੰਘ ਪ੍ਰਧਾਨ (ਬੇਸਿਕ ਆਫ ਸਿੱਖੀ), ਖੁਸ਼ਹਾਲ ਸਿੰਘ (ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ), ਖਾਲਸਾ ਏਡ ਇੰਗਲੈਂਡ, ਪ੍ਰਿੰ. ਸੁਰਿੰਦਰ ਸਿੰਘ (ਸਿੱਖ ਮਿਸ਼ਨਰੀ ਕਾਲਜ ਲੁਧਿਆਣਾ), ਗੁਰਜੋਤ ਸਿੰਘ (ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਯੂ. ਐੱਸ. ਏ.), ਇਬਾਤ ਸਿੰਘ (ਈਕੋ ਸਿੱਖ ਯੂ. ਐੱਸ. ਏ.), ਇੰਜ. ਹਰਕੀਰਤ ਸਿੰਘ ਚੰਡੀਗੜ੍ਹ (ਸਤਿਨਾਮ ਸਰਬ ਕਲਿਆਣ ਟਰੱਸਟ ਯੂ. ਐੱਸ. ਏ.), ਤਰਲੋਚਨ ਸਿੰਘ (ਸਰਬ ਰੋਗ ਕਾ ਅਉਖਧ ਨਾਮ ਚੰਡੀਗੜ੍ਹ), ਸਰਬਜੀਤ ਸਿੰਘ ਰੇਣੁਕਾ (ਸੁਕ੍ਰਿਤ ਟਰੱਸਟ ਲੁਧਿਆਣਾ), ਮਹਿੰਦਰਜੀਤ ਸਿੰਘ (ਯੂਨਾਈਟਿਡ ਸਿੱਖਸ ਯੂ. ਐੱਸ. ਏ.), ਡਾ. ਦਲਜੀਤ ਸਿੰਘ ਵਿਰਕ (ਡਰਬੀ ਯੂ. ਕੇ.), ਬਲਜਿੰਦਰਪਾਲ ਸਿੰਘ ਡਾਇਰੈਕਟਰ ਅਤੇ ਜਤਿੰਦਰਪਾਲ ਸਿੰਘ ਚੇਅਰਮੈਨ (ਸਟੱਡੀ ਸਰਕਲ) ਆਦਿ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੋਆਰਡੀਨੇਸ਼ਨ ਕਮੇਟੀ ਦੇ ਪ੍ਰੋਗਰਾਮਾਂ ਦੇ ਏਜੰਡੇ ਸਬੰਧੀ ਬ੍ਰੌਸ਼ਰ ਵੀ ਰਿਲੀਜ਼ ਕੀਤਾ ਗਿਆ।