ਅੰਮ੍ਰਿਤਸਰ ’ਚ ‘ਬਲੈਕ ਫੰਗਸ’ ਦਾ ਕਹਿਰ, ਇਕ ਹੋਰ ਪੀੜਤ ਮਰੀਜ਼ ਦੀ ਕੱਢਣੀ ਪਈ ਅੱਖ
Wednesday, Jun 09, 2021 - 10:09 AM (IST)
ਅੰਮ੍ਰਿਤਸਰ (ਦਲਜੀਤ) - ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਮਿਊਕ੍ਰਮਾਇਕੋਸਿਸ ਤੋਂ ਪੀੜਤ ਇਕ ਹੋਰ ਕੋਰੋਨਾ ਇਨਫ਼ੈਕਟਿਡ ਦੀ ਅੱਖ ਕੱਢੀ ਗਈ ਹੈ। ਇਹ ਮਰੀਜ਼ ਗਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਸੀ। ਉਸ ਦੇ ਸਾਇਨਸ ਤੱਕ ਫੰਗਸ ਜਾ ਚੁੱਕਿਆ ਸੀ ਅਤੇ ਦਿਮਾਗ ਤੱਕ ਪੁੱਜਣ ਦੀ ਸੰਭਾਵਨਾ ਸੀ। ਲਿਹਾਜਾ ਉਸ ਦੀ ਅੱਖ ਕੱਢ ਦਿੱਤੀ ਗਈ ਹੈ। ਇਸ ਤਰ੍ਹਾਂ ਹੁਣ ਤੱਕ ਛੇ ਮਰੀਜ਼ਾਂ ਦੀ ਇਕ-ਇਕ ਅੱਖ ਕੱਢੀ ਜਾ ਚੁੱਕੀ ਹੈ।
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਮੁਤਾਬਕ ਮਿਊਕ੍ਰਮਾਇਕੋਸਿਸ ਇਕ ਅਜਿਹੀ ਬੀਮਾਰੀ ਹੈ ਜਿਸ ਨਾਲ ਇਨਸਾਨ ਦੀਆਂ ਅੱਖਾਂ ਦੀ ਰੌਸ਼ਨੀ ਚੱਲੀ ਜਾਂਦੀ ਹੈ। ਇਹ ਫੰਗਸ ਦਿਮਾਗ ਤੱਕ ਨਾ ਪੁੱਜਣ ਇਸ ਲਈ ਅੱਖ ਕੱਢਣੀ ਪੈਂਦੀ ਹੈ। ਭਵਿੱਖ ’ਚ ਇਹ ਮਰੀਜ਼ ਕਾਸਮੈਟਿਕ ਸਰਜਰੀ ਕਰਵਾ ਕੇ ਨਕਲੀ ਅੱਖ ਬਣਵਾ ਸਕਦੇ ਹਨ। ਇਸ ਤੋਂ ਪਹਿਲਾਂ ਇਸ ਹਸਪਤਾਲ ’ਚ 5 ਮਰੀਜ਼ਾਂ ਦੀ ਅੱਖ ਕੱਢਣੀ ਪਈ ਹੈ। ਉਧਰ ਜ਼ਿਲ੍ਹੇ ਵਿੱਚ ਬਲੈਕ ਫੰਗਸ ਦੇ 47 ਕੇਸ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਐਕਟਿਵ ਕੇਸ 36 ਹਨ।