ਪੁਲਸ ਨੂੰ ਨਹੀਂ ਮਿਲ ਰਿਹਾ ਬਾਬਾ ਗੁਰਦੀਪ ਦੇ ਕਾਤਲਾਂ ਦਾ ਸੁਰਾਗ

Sunday, Jan 05, 2020 - 10:02 AM (IST)

ਪੁਲਸ ਨੂੰ ਨਹੀਂ ਮਿਲ ਰਿਹਾ ਬਾਬਾ ਗੁਰਦੀਪ ਦੇ ਕਾਤਲਾਂ ਦਾ ਸੁਰਾਗ

ਅੰਮ੍ਰਿਤਸਰ (ਸੰਜੀਵ) : ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਅਕਾਲੀ ਦਲ ਦੇ ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦਾ 72 ਘੰਟਿਆਂ ਬਾਅਦ ਵੀ ਦਿਹਾਤੀ ਪੁਲਸ ਨੂੰ ਹੱਤਿਆਰਿਆਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ। ਅਜੇ ਤੱਕ ਸਿਰਫ ਮੁਖਬਰ ਮਨਦੀਪ ਸਿੰਘ ਹੀ ਫੜਿਆ ਜਾ ਸਕਿਆ ਹੈ। ਦੂਜੇ ਪਾਸੇ ਪੁਲਸ ਮੁੱਖ ਮੁਲਜ਼ਮਾਂ ਗੈਂਗਸਟਰ ਹਰਮਨਜੀਤ ਨਾਲ ਜੁੜੇ ਹਰ ਵਿਅਕਤੀ 'ਤੇ ਘੇਰਾ ਕੱਸ ਰਹੀ ਹੈ, ਜਿਸ ਤਹਿਤ ਅੱਜ ਥਾਣਾ ਮਜੀਠੀਆ 'ਚ ਏ. ਐੱਸ. ਆਈ. ਸੁਰਜੀਤ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮਾਂ ਨੂੰ 1 ਜਨਵਰੀ ਅਤੇ ਉਸ ਤੋਂ ਪਹਿਲਾਂ ਸ਼ਰਨ ਦੇਣ ਦੇ ਦੋਸ਼ 'ਚ ਹਰਮਨਜੀਤ ਦੀ ਮਾਤਾ ਗੁਰਜੀਤ ਕੌਰ 'ਤੇ ਧਾਰਾ 216 ਦਾ ਪਰਚਾ ਦਰਜ ਕੀਤਾ ਗਿਆ ਅਤੇ ਦੂਜਾ ਪਰਚਾ ਥਾਣਾ ਕੰਬੋ ਦੀ ਪੁਲਸ ਨੇ ਮਨਜੀਤ ਸਿੰਘ ਅਤੇ ਉਸ ਦੇ ਬੇਟੇ ਸੁਖਵਿੰਦਰ ਸਿੰਘ ਅਤੇ ਬੇਟੀਆਂ ਬਖਸ਼ੀਸ਼ ਕੌਰ ਅਤੇ ਕੁਲਬੀਰ ਕੌਰ ਨਿਵਾਸੀ ਪੰਡੋਰੀ ਵੜੈਚ 'ਤੇ ਦਰਜ ਕੀਤਾ ਗਿਆ।

ਇਸ 'ਚ ਥਾਣਾ ਇੰਚਾਰਜ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮਨਜੀਤ ਸਿੰਘ ਅਤੇ ਉਸ ਦਾ ਪੂਰਾ ਪਰਿਵਾਰ ਗੈਂਗਸਟਰ ਹਰਵਿੰਦਰ ਸਿੰਘ ਸੰਧੂ ਨਿਵਾਸੀ ਪੰਡੋਰੀ ਵੜੈਚ, ਬਲਰਾਜ ਉਰਫ ਬੂਰੀ ਬਸੰਤ ਕੋਟ, ਸਾਗਰ ਕੁਮਾਰ ਛੋਟਾ ਨੰਗਲ ਅਤੇ ਹਰਮਨਜੀਤ ਸਿੰਘ ਉਰਫ ਹਰਮਨ ਨੂੰ ਆਪਣੇ ਘਰ 'ਚ ਸ਼ਰਨ ਹੀ ਨਹੀਂ ਦਿੰਦਾ, ਸਗੋਂ ਹਥਿਆਰ ਖਰੀਦਣ ਨੂੰ ਪੈਸਾ ਵੀ ਉਪਲੱਬਧ ਕਰਵਾਉਂਦਾ ਹੈ। ਪੁਲਸ ਇਨ੍ਹਾਂ ਮੁਲਜ਼ਮਾਂ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ 31 ਦਸੰਬਰ ਦੀ ਰਾਤ ਗੁਰਦੁਆਰੇ 'ਚ ਮੱਥਾ ਟੇਕ ਕੇ ਆਪਣੀ 3 ਸਾਲਾ ਦੋਹਤੀ ਨਾਲ ਘਰ ਪਰਤ ਰਹੇ ਬਾਬਾ ਗੁਰਦੀਪ ਸਿੰਘ ਦੀ ਬਾਈਕ ਸਵਾਰ ਨੌਜਵਾਨਾਂ ਨੇ 5 ਗੋਲੀਆਂ ਦਾਗ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ 'ਚ ਥਾਣਾ ਮਜੀਠੀਆ ਦੀ ਪੁਲਸ ਨੇ ਗੈਂਗਸਟਰ ਹਰਮਨਜੀਤ ਸਿੰਘ, ਉਸ ਦੇ ਪਿਤਾ ਨਿਰਮਲ ਸਿੰਘ ਸਮੇਤ 5 ਲੋਕਾਂ 'ਤੇ 302 ਦਾ ਪਰਚਾ ਦਰਜ ਕੀਤਾ ਸੀ। ਇਸ ਸਬੰਧੀ ਥਾਣਾ ਮਜੀਠੀਆ ਦੇ ਇੰਚਾਰਜ ਇੰਸਪੈਕਟਰ ਤਰਸੇਮ ਸਿੰਘ ਨੇ ਕਿਹਾ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

Baljeet Kaur

Content Editor

Related News