ਕੱਲ੍ਹ ਨਹੀਂ ਸਗੋਂ ਇਸ ਦਿਨ ਜੇਲ੍ਹ ''ਚੋਂ ਬਾਹਰ ਆ ਸਕਦੇ ਨੇ ਅੰਮ੍ਰਿਤਪਾਲ ਸਿੰਘ, ਸਖ਼ਤ ਸ਼ਰਤਾਂ ''ਤੇ ਮਿਲੀ ਪੈਰੋਲ

Friday, Nov 13, 2026 - 05:36 PM (IST)

ਕੱਲ੍ਹ ਨਹੀਂ ਸਗੋਂ ਇਸ ਦਿਨ ਜੇਲ੍ਹ ''ਚੋਂ ਬਾਹਰ ਆ ਸਕਦੇ ਨੇ ਅੰਮ੍ਰਿਤਪਾਲ ਸਿੰਘ, ਸਖ਼ਤ ਸ਼ਰਤਾਂ ''ਤੇ ਮਿਲੀ ਪੈਰੋਲ

ਚੰਡੀਗੜ੍ਹ (ਵੈੱਬ ਡੈਸਕ): ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਅਦਾਲਤ ਵੱਲੋਂ 1 ਦਿਨ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਇਸ ਮਗਰੋਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ 'ਵਾਰਿਸ ਪੰਜਾਬ ਦੇ' ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘੱਟੋ-ਘੱਟ 4 ਦਿਨ ਦੀ ਪੈਰੋਲ ਦੀ ਮੰਗ ਕੀਤੀ ਗਈ ਸੀ, ਪਰ ਮਹਿਜ਼ 1 ਦਿਨ ਦੀ ਪੈਰੋਲ ਦਿੱਤੀ ਗਈ ਹੈ। ਇਸ ਮਾਮਲੇ ਵਿਚ ਇਕ ਰਿਵਿਊ ਪਟਿਸ਼ਨ ਦਾਖ਼ਲ ਕੀਤੀ ਗਈ ਹੈ। 

ਮਨਪ੍ਰੀਤ ਇਆਲੀ ਨੇ ਦੱਸਿਆ ਕਿ ਪਰਿਵਾਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਸਸਕਾਰ 17 ਨਵੰਬਰ ਤੋਂ ਪਹਿਲਾਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਤੋਂ ਆਉਣ-ਜਾਣ ਲਈ ਵੀ ਸਮਾਂ ਲੱਗੇਗਾ। ਇਸ ਤੋਂ ਇਲਾਵਾ 15 ਨਵੰਬਰ ਨੂੰ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ ਵੀ ਹੋਣੀ ਹੈ। ਇਸ ਲਈ ਰਿਵਿਊ ਪਟਿਸ਼ਨ 'ਤੇ ਸੁਣਵਾਈ ਮਗਰੋਂ ਹੀ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਅਤੇ ਸਸਕਾਰ ਬਾਰੇ ਅੱਗੇ ਦਾ ਫ਼ੈਸਲਾ ਲਿਆ ਜਾਵੇਗਾ। 

ਮਨਪ੍ਰੀਤ ਇਆਲੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪਿਛਲੇ ਸਾਢੇ 3 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਪਹਿਲਾਂ ਉਨ੍ਹਾਂ ਦੇ ਦਾਦੀ ਦੀ ਤਬੀਅਤ ਖ਼ਰਾਬ ਹੋਣ 'ਤੇ ਵੀ ਉਨ੍ਹਾਂ ਲਈ ਪੈਰੋਲ ਦੀ ਮੰਗ ਕੀਤੀ ਗਈ ਸੀ, ਪਰ ਉਹ ਨਹੀਂ ਮੰਨੀ ਗਈ ਤੇ ਹੁਣ ਉਨ੍ਹਾਂ ਦੇ ਦੇਹਾਂਤ ਮਗਰੋਂ ਵੀ ਪੈਰੋਲ ਲਈ ਸਖ਼ਤ ਸ਼ਰਤਾਂ ਰੱਖੀਆਂ ਗਈਆਂ। ਮਨਪ੍ਰੀਤ ਇਆਲੀ ਮੁਤਾਬਕ, ਅਦਾਲਤ ਵਿਚ ਇਹ ਸ਼ਰਤ ਰੱਖੀ ਗਈ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਡਿਬਰੂਗੜ੍ਹ ਤੋਂ ਆਉਣ-ਜਾਣ ਦਾ ਖਰਚਾ ਪਰਿਵਾਰ ਵੱਲੋਂ ਕੀਤਾ ਜਾਵੇ, ਜੇ ਜ਼ਿਆਦਾ ਇਕੱਠ ਹੋ ਗਿਆ ਤਾਂ ਪੈਰੋਲ ਕੈਂਸਲ ਕੀਤੀ ਜਾ ਸਕਦੀ ਹੈ, ਪਰਿਵਾਰ ਤੋਂ ਇਲਾਵਾ ਕਿਸੇ ਨੂੰ ਵੀ ਅੰਮ੍ਰਿਤਪਾਲ ਸਿੰਘ ਨਾਲ ਮਿਲਣ ਨਾ ਦਿੱਤਾ ਜਾਵੇ, ਮੀਡੀਆ ਉਨ੍ਹਾਂ ਦੀ ਫੋਟੋ ਨਾ ਛਾਪ ਸਕੇ ਅਤੇ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਫੋਟੋ ਨਾ ਪਾਈ ਜਾਵੇ। ਉਨ੍ਹਾਂ ਪੁੱਛਿਆ ਕਿ ਇਕ ਚੁਣੇ ਹੋਏ ਨੁਮਾਇੰਦੇ 'ਤੇ ਅਜਿਹੀਆਂ ਸ਼ਰਤਾਂ ਲਗਾਉਣਾ ਕਿੱਥੋਂ ਤਕ ਵਾਜਬ ਹੈ?


author

Anmol Tagra

Content Editor

Related News