ਰੂਹ ਕੰਬਾਊ ਵਾਰਦਾਤ, ਅੰਮ੍ਰਿਤਧਾਰੀ ਸਿੱਖ ਡਰਾਈਵਰ ਦਾ ਕਤਲ ਕਰ ਸਾੜੀ ਲਾਸ਼, ਕਲੀਨਰ ਦੀ ਭਾਲ

Thursday, May 25, 2023 - 10:16 PM (IST)

ਰੂਹ ਕੰਬਾਊ ਵਾਰਦਾਤ, ਅੰਮ੍ਰਿਤਧਾਰੀ ਸਿੱਖ ਡਰਾਈਵਰ ਦਾ ਕਤਲ ਕਰ ਸਾੜੀ ਲਾਸ਼, ਕਲੀਨਰ ਦੀ ਭਾਲ

ਗੁਰਾਇਆ (ਮੁਨੀਸ਼, ਹੇਮੰਤ)-ਪ੍ਰਵਾਸੀ ਵਿਅਕਤੀ ਨੇ ਆਪਣੇ ਹੀ ਅੰਮ੍ਰਿਤਧਾਰੀ ਸਿੱਖ ਟਰੱਕ ਡਰਾਈਵਰ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਾਇਆ ਦੇ ਰੇਡੀਓ ਸਟੇਸ਼ਨ ਨੇੜੇ ਅੱਜ ਸਵੇਰੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਗੋਹਾਵਰ ਨੇੜੇ ਫੁੱਟਪਾਥ ’ਤੇ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਨੂੰ ਰਾਹਗੀਰਾਂ ਨੇ ਦੇਖਿਆ ਤਾਂ ਤੁਰੰਤ ਇਸ ਸਬੰਧੀ ਪਿੰਡ ਗੋਹਾਵਰ ਦੀ ਮਹਿਲਾ ਸਰਪੰਚ ਨੂੰ ਸੂਚਿਤ ਕੀਤਾ। ਇਸ ’ਤੇ ਮਹਿਲਾ ਸਰਪੰਚ ਨੇ ਗੁਰਾਇਆ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ਮੌਕੇ ’ਤੇ ਪੁੱਜੇ, ਜਦੋਂ ਐੱਸ. ਐੱਚ. ਓ. ਗੁਰਾਇਆ ਸੁਰਿੰਦਰ ਕੁਮਾਰ ਨੇ ਪੁਲਸ ਪਾਰਟੀ ਸਮੇਤ ਜਾਂਚ ਸ਼ੁਰੂ ਕੀਤੀ ਤਾਂ ਦੇਖਿਆ ਕਿ ਮ੍ਰਿਤਕ ਇਕ ਸਿੱਖ ਸਰਦਾਰ ਸੀ, ਜਿਸ ਦੀ ਲਾਸ਼ ਅੱਧੀ ਸੜੀ ਹੋਈ ਸੀ, ਜਿਸ ਨੂੰ ਸਿੱਧਾ ਕਰਨ 'ਤੇ ਉਸ ਦਾ ਚਿਹਰਾ ਸਾਫ ਸੀ।

ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚ ਭੌਣੀ ਨਾਲ ਮੋਟਰ ਕੱਢ ਰਹੇ ਕਿਸਾਨ ਨਾਲ ਵਾਪਰੀ ਅਣਹੋਣੀ, ਘਰ ’ਚ ਵਿਛੇ ਸੱਥਰ

PunjabKesari

ਲਾਸ਼ ਕੋਲੋਂ ਪੁਲਸ ਨੂੰ ਕੰਘੀ, ਪਰਨਾ ਮਿਲਿਆ ਤੇ ਥੋੜ੍ਹੀ ਦੂਰ ਟਰੱਕ ਦੇ ਕਾਗਜ਼ ਮਿਲੇ ਪਰ ਮ੍ਰਿਤਕ ਦੀ ਸ਼ਨਾਖਤ ਨਾ ਹੋਣ ਕਾਰਨ ਪੁਲਸ ਵੱਲੋਂ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਮ੍ਰਿਤਕ ਵਿਅਕਤੀ ਦੀ ਪਛਾਣ ਕਰਨ ਦੀ ਅਪੀਲ ਕੀਤੀ ਗਈ ਸੀ। ਗੁਰਾਇਆ ਪੁਲਸ ਵੱਲੋਂ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਸੀ ਕਿ ਪੁਲਸ ਨੇ ਕੇਸ ਟਰੇਸ ਕਰਦੇ ਹੋਏ ਮ੍ਰਿਤਕ ਵਿਅਕਤੀ ਦੀ ਪਛਾਣ ਕਰ ਲਈ । ਮ੍ਰਿਤਕ ਦੀ ਪਛਾਣ 48 ਸਾਲਾ ਸਤਨਾਮ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ, ਜੋ ਟਰੱਕ ਡਰਾਈਵਰ ਸੀ, ਜਿਸ ਦੀ ਸੂਚਨਾ ਪੁਲਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਮ੍ਰਿਤਕ ਸਤਨਾਮ ਸਿੰਘ ਦੇ ਭਰਾ, ਪੁੱਤਰ, ਉਸ ਦੀ ਕੰਪਨੀ ਦੇ ਅਧਿਕਾਰੀ ਦੇਰ ਸ਼ਾਮ ਗੁਰਾਇਆ ਮੌਕੇ 'ਤੇ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਤੋਂ ਮੁੜ ਨਜ਼ਰ ਆਉਣ ਲੱਗੀਆਂ ਹਿਮਾਚਲ ਦੀਆਂ ਪਹਾੜੀਆਂ (ਵੀਡੀਓ)

ਮ੍ਰਿਤਕ ਸਤਨਾਮ ਸਿੰਘ ਦੇ ਵੱਡੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਪਿਛਲੇ 5 ਸਾਲਾਂ ਤੋਂ ਹਾਈਟੈੱਕ ਕੰਪਨੀ ਦੀ ਆਕਸੀਜਨ ਗੈਸ ਟਰੱਕ ਟਰਾਲਾ ਚਲਾ ਰਿਹਾ ਹੈ। 24 ਮਈ ਨੂੰ ਸਤਨਾਮ ਨਾਲ ਉਸ ਦਾ ਕਲੀਨਰ ਟਰਾਲਾ ਲੈ ਕੇ ਅੰਮ੍ਰਿਤਸਰ ਤੋਂ ਜਲੰਧਰ ਆਏ ਸਨ, ਜਿਸ ਕੋਲ ਕੰਪਨੀ ਨੇ ਲੱਖਾਂ ਰੁਪਏ ਦੀ ਨਕਦੀ ਵੀ ਦਿੱਤੀ ਸੀ, ਜੋ ਉਸ ਨੇ ਕੰਪਨੀ ਵਿਚ ਜਮ੍ਹਾ ਕਰਵਾਉਣੀ ਸੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਦੇਰ ਰਾਤ 9:00 ਵਜੇ ਜਲੰਧਰ ਪਹੁੰਚਿਆ ਤਾਂ ਉਸ ਨੇ ਘਰ ਫੋਨ ’ਤੇ ਦੱਸਿਆ ਕਿ ਸਵੇਰੇ ਤਕਰੀਬਨ 5 ਵਜੇ ਟਰਾਲਾ ਖਾਲੀ ਹੋਣਾ ਹੈ, ਉਹ ਜਲੰਧਰ 'ਚ ਹੀ ਟਰੱਕ 'ਚ ਸੌਣ ਜਾ ਰਿਹਾ ਹੈ।

ਉਸ ਨੇ ਦੱਸਿਆ ਕਿ ਇਕ ਪ੍ਰਵਾਸੀ ਯੂ.ਪੀ. ਦਾ ਕਲੀਨਰ ਉਸ ਦੇ ਭਰਾ ਕੋਲ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਿਹਾ ਸੀ, ਜੋ ਬੀਤੇ ਦਿਨ ਵੀ ਉਸ ਦੇ ਨਾਲ ਆਇਆ ਸੀ। ਉਸ ਨੂੰ ਵੀਰਵਾਰ ਨੂੰ ਗੁਰਾਇਆ ਪੁਲਸ ਦਾ ਫੋਨ ਆਇਆ, ਜਿਸ ਤੋਂ ਬਾਅਦ ਉਹ ਮੌਕੇ 'ਤੇ ਗੁਰਾਇਆ ਪਹੁੰਚਿਆ ਅਤੇ ਆਪਣੇ ਭਰਾ ਦੀ ਲਾਸ਼ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਹੱਲ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਦਾ ਕਲੀਨਰ ਮੌਕੇ ਤੋਂ ਫਰਾਰ ਹੈ, ਜੋ ਟਰੱਕ ਟਰਾਲਾ, ਨਕਦੀ ਲੈ ਕੇ ਇਥੋਂ ਫਰਾਰ ਹੋ ਗਿਆ ਹੈ, ਜਿਸ 'ਤੇ ਕਤਲ ਦਾ ਪੂਰਾ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸਤਨਾਮ ਸਿੰਘ ਦਾ ਕਤਲ ਕਿੱਥੇ ਅਤੇ ਕਿਵੇਂ ਕੀਤਾ ਗਿਆ ਅਤੇ ਇਥੇ ਆ ਕੇ ਉਸ ਨੇ ਲਾਸ਼ ਨੂੰ ਸੁੱਟਿਆ ਜਾਂ ਫਿਰ ਇੱਥੇ ਆ ਕੇ ਕਤਲ ਕੀਤਾ ਗਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਟਰੱਕ, ਨਕਦੀ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ, ਕਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਪੁਲਸ ਦੇ ਹੱਥ ਲੱਗੀ ਹੈ, ਜਿਸ ਕਾਰਨ ਪੁਲਸ ਇਸ ਮਾਮਲੇ ਨੂੰ ਜਲਦ ਸੁਲਝਾਉਣ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਨੇ ਨਜ਼ਦੀਕੀ ਪੈਟਰੋਲ ਪੰਪ ਤੋਂ ਪੈਟਰੋਲ ਲਿਆ ਕੇ ਸਤਨਾਮ ਸਿੰਘ ਨੂੰ ਅੱਗ ਲਗਾ ਦਿੱਤੀ। ਇਸ ਮਾਮਲੇ 'ਚ ਕੱਲ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
 


author

Manoj

Content Editor

Related News