ਭਾਜਪਾ ਦੀ ਟਿਕਟ ਨੂੰ ਲੈ ਕੇ ਜਲੰਧਰ ਛਾਉਣੀ ਹਲਕੇ ’ਚ ਅਮਿਤ ਤਨੇਜਾ ਤੇ ਸਰਬਜੀਤ ਮੱਕੜ ’ਚ ਫਸਿਆ ਪੇਚ

Saturday, Jan 22, 2022 - 07:01 PM (IST)

ਭਾਜਪਾ ਦੀ ਟਿਕਟ ਨੂੰ ਲੈ ਕੇ ਜਲੰਧਰ ਛਾਉਣੀ ਹਲਕੇ ’ਚ ਅਮਿਤ ਤਨੇਜਾ ਤੇ ਸਰਬਜੀਤ ਮੱਕੜ ’ਚ ਫਸਿਆ ਪੇਚ

ਜਲੰਧਰ (ਮਹੇਸ਼)– ਭਾਜਪਾ ਦੀ ਟਿਕਟ ਨੂੰ ਲੈ ਕੇ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿਚ ਭਾਜਪਾ ਦੇ ਨੌਜਵਾਨ ਹਿੰਦੂ ਆਗੂ ਅਮਿਤ ਤਨੇਜਾ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵਿਚਕਾਰ ਪੇਚ ਫਸਿਆ ਹੋਇਆ ਹੈ। ਜਿਸ ਕਾਰਨ ਪਾਰਟੀ ਹਾਈਕਮਾਨ ਜਲੰਧਰ ਛਾਉਣੀ ਹਲਕੇ ਨੂੰ ਲੈ ਕੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲੈ ਸਕੀ, ਜਦਕਿ ਜਲੰਧਰ ਦੀਆਂ ਹੋਰ ਤਿੰਨ ਸੀਟਾਂ ’ਤੇ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ ਵਿਚ ਭਾਜਪਾ ਲਈ ਉਮੀਦਵਾਰ ਤੈਅ ਕਰਨਾ ਆਸਾਨ ਨਹੀਂ ਲੱਗ ਰਿਹਾ। ਭਾਜਪਾ ਪਹਿਲੀ ਵਾਰ ਪੰਜਾਬ ਵਿਚ ਆਪਣੇ ਦਮ ’ਤੇ ਚੋਣ ਲੜਨ ਜਾ ਰਹੀ ਹੈ। ਛਾਉਣੀ ਹਲਕੇ ਵਿਚ ਵੀ ਭਾਜਪਾ ਆਪਣੇ ਚੋਣ ਨਿਸ਼ਾਨ ਕਮਲ ਦੇ ਫੁੱਲ ’ਤੇ ਚੋਣ ਲੜੇਗੀ। ਭਾਜਪਾ ਦਾ ਨੌਜਵਾਨ ਕੇਡਰ ਇਸ ਸੀਟ ’ਤੇ ਸਰਬਜੀਤ ਸਿੰਘ ਮੱਕੜ ਨੂੰ ਟੱਕਰ ਦੇ ਰਿਹਾ ਹੈ। ਭਾਜਪਾ ਦੇ ਟਕਸਾਲੀ ਨੌਜਵਾਨ ਆਗੂ ਅਮਿਤ ਤਨੇਜਾ ਖ਼ੁਦ ਨੂੰ ਇਸ ਸੀਟ ’ਤੇ ਮਜ਼ਬੂਤ ਦਾਅਵੇਦਾਰ ਮੰਨ ਰਹੇ ਹਨ। ਉਹ ਲੰਮੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਅੱਗੇ ਹੋ ਕੇ ਕੰਮ ਕਰਦੇ ਆਏ ਹਨ।

ਇਹ ਵੀ ਪੜ੍ਹੋ: ਟਕਸਾਲੀ ਆਗੂਆਂ ਦੇ 'ਆਪ' ਛੱਡਣ ਦਾ ਵੈਸਟ ਦੇ ਨਾਲ-ਨਾਲ ਜਲੰਧਰ ਕੈਂਟ ’ਤੇ ਵੀ ਪੈਣ ਲੱਗਾ ਅਸਰ

ਸਰਬਜੀਤ ਮੱਕੜ ਆਦਮਪੁਰ ਹਲਕੇ ਤੋਂ 2007 ਵਿਚ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ ਸਨ। ਆਦਮਪੁਰ ਸੀਟ ਰਿਜ਼ਰਵ ਹੋਣ ’ਤੇ ਉਨ੍ਹਾਂ ਨੂੰ ਕਪੂਰਥਲਾ ਸ਼ਿਫਟ ਕਰ ਦਿੱਤਾ ਗਿਆ। 2012 ਦੀਆਂ ਚੋਣਾਂ ਉਥੋਂ ਲੜੀਆਂ ਅਤੇ ਫਿਰ 2017 ਵਿਚ ਅਕਾਲੀ ਦਲ ਨੇ ਜਲੰਧਰ ਛਾਉਣੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਅਕਾਲੀ ਦਲ ਵੱਲੋਂ 2022 ਦੀਆਂ ਚੋਣਾਂ ਲਈ ਉਨ੍ਹਾਂ ਦੀ ਟਿਕਟ ਕੱਟ ਕੇ ਜਗਬੀਰ ਬਰਾੜ ਨੂੰ ਦੇ ਦਿੱਤੀ ਗਈ, ਜਿਸ ਤੋਂ ਨਾਰਾਜ਼ ਹੋ ਕੇ ਮੱਕੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਅਤੇ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਜਲੰਧਰ ਛਾਉਣੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੋਇਆ ਹੁੰਦਾ ਤਾਂ ਮੱਕੜ ਦਾ ਨਾਂ ਜਾਰੀ ਕੀਤੀ ਗਈ ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚ ਜ਼ਰੂਰ ਹੁੰਦਾ।

ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦਾ ਕਾਂਗਰਸ ’ਤੇ ਤੰਜ, ਕਿਹਾ-CM ਚੰਨੀ ਦੇ ਘਰ ਰੇਡ ਹੁੰਦੀ ਤਾਂ ਬਹੁਤ ਕੁਝ ਮਿਲਦਾ

ਹਿੰਦੂ ਚਿਹਰੇ ਨੂੰ ਉਤਾਰਨ ’ਤੇ ਵਿਚਾਰ  
ਭਾਜਪਾ ਜਲੰਧਰ ਛਾਉਣੀ ਹਲਕੇ ਤੋਂ ਹਿੰਦੂ ਚਿਹਰੇ ਨੂੰ ਉਤਾਰਨ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਇਸ ਸੀਟ ’ਤੇ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਿੱਖ ਚਿਹਰੇ ਚੋਣ ਮੈਦਾਨ ਵਿਚ ਉਤਾਰੇ ਹਨ। ਇਸ ਸੀਟ ਦਾ 74 ਫ਼ੀਸਦੀ ਇਲਾਕਾ ਸ਼ਹਿਰੀ ਹੈ, ਜਿਸ ਕਾਰਨ ਭਾਜਪਾ ਨੂੰ ਲੱਗਦਾ ਹੈ ਕਿ ਜੇਕਰ ਕਿਸੇ ਹਿੰਦੂ ਆਗੂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਸ ਦਾ ਲੋਕਾਂ ਵਿਚ ਇਕ ਵਧੀਆ ਸੁਨੇਹਾ ਜਾਵੇਗਾ ਅਤੇ ਪਾਰਟੀ ਇਸ ਸੀਟ ’ਤੇ ਜਿੱਤ ਵੀ ਹਾਸਲ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਅਮਿਤ ਤਨੇਜਾ ਨੂੰ ਟਿਕਟ ਦਿੱਤੀ ਜਾ ਸਕਦੀ ਹੈ।

ਅਮਿਤ ਤਨੇਜਾ ਲਈ ਹੋ ਰਹੀ ਲਾਬਿੰਗ 
ਤਨੇਜਾ ਨੂੰ ਟਿਕਟ ਦੇਣ ਲਈ ਲਾਬਿੰਗ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੇ ਪਾਰਟੀ ਵਿਚ ਰਾਸ਼ਟਰੀ ਪੱਧਰ ਅਤੇ ਕੇਂਦਰ ਸਰਕਾਰ ਦੇ ਆਗੂਆਂ ਨਾਲ ਵਧੀਆ ਸਬੰਧ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵੱਡੇ ਆਗੂਆਂ ਦਾ ਖੁੱਲ੍ਹ ਕੇ ਸਮਰਥਨ ਮਿਲ ਰਿਹਾ ਹੈ। ਅਜਿਹੇ ਹਾਲਾਤ ਵਿਚ ਸਰਬਜੀਤ ਸਿੰਘ ਮੱਕੜ ਨੂੰ ਜਲੰਧਰ ਛਾਉਣੀ ਹਲਕੇ ਤੋਂ ਉਮੀਦਵਾਰ ਬਣਾਉਣ ਵਿਚ ਭਾਜਪਾ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਪਾਰਟੀ ਤਨੇਜਾ ਅਤੇ ਮੱਕੜ ਵਿਚੋਂ ਕਿਸ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਦੀ ਹੈ। ਮੱਕੜ ਨੇ ਵੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News