ਲੰਗਾਹ ਵਾਂਗ ਜੇ ਘੁਬਾਇਆ ਗਲਤ ਤਾਂ ਹੋਵੇ ਕਾਰਵਾਈ : ਵੜਿੰਗ

Friday, May 03, 2019 - 06:41 PM (IST)

ਲੰਗਾਹ ਵਾਂਗ ਜੇ ਘੁਬਾਇਆ ਗਲਤ ਤਾਂ ਹੋਵੇ ਕਾਰਵਾਈ : ਵੜਿੰਗ

ਜਲੰਧਰ : ਬੇਬਾਕ ਬੋਲਾਂ ਰਾਹੀਂ ਅਕਸਰ ਚਰਚਾ 'ਚ ਰਹਿਣ ਵਾਲੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਫਿਰੋਜ਼ਪੁਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਮੌਜੂਦਾ ਸਮੇਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਵਾਇਰਲ ਹੋਈ ਕਥਿਤ ਅਸ਼ਲੀਲ ਵੀਡੀਓ 'ਤੇ ਟਿੱਪਣੀ ਕੀਤੀ ਹੈ। ਵੜਿੰਗ ਦਾ ਕਹਿਣਾ ਹੈ ਕਿ ਜੇਕਰ ਇਸ ਕਥਿਤ ਅਸ਼ਲੀਲ ਵੀਡੀਓ ਵਿਚ ਸ਼ੇਰ ਸਿੰਘ ਘੁਬਾਇਆ ਹਨ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਦਰਅਸਲ 'ਜਗ ਬਾਣੀ' ਦੇ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਵਿਚ ਰਾਜਾ ਵੜਿੰਗ ਆਪਣੇ ਉਸ ਵਿਵਾਦਤ ਬਿਆਨ 'ਤੇ ਸਪੱਸ਼ਟੀਕਰਨ ਦੇ ਰਹੇ ਸਨ ਜਿਸ ਵਿਚ ਉਨ੍ਹਾਂ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਦੀ ਲੰਗਾਹ ਨੂੰ 'ਕੁੱਤਾ' ਕਹਿ ਕੇ ਸੰਬੋਧਨ ਕੀਤਾ ਸੀ। 
ਵੜਿੰਗ ਨੇ ਕਿਹਾ ਕਿ ਇਕ ਧਰਮ ਪ੍ਰਚਾਰਕ ਕਮੇਟੀ ਦਾ ਮੈਂਬਰ ਜੇਕਰ ਇਹੋ ਜਿਹੀ ਗਿੰਦੀ ਕਰਤੂਤ ਕਰਦਾ ਹੈ ਤਾਂ ਉਸ ਨੂੰ ਆਤਮਹੱਤਿਆ ਕਰ ਲੈਣੀ ਚਾਹੀਦੀ ਹੈ। ਇਸ ਦੌਰਾਨ ਜਦੋਂ ਸ਼ੇਰ ਸਿੰਘ ਘੁਬਾਇਆ ਦੀ ਵਾਇਰਲ ਹੋਈ ਕਥਿਤ ਵੀਡੀਓ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪੱਕਾ ਨਹੀਂ ਹੈ ਕਿ ਉਸ ਵੀਡੀਓ ਵਿਚ ਸ਼ੇਰ ਸਿੰਘ ਘੁਬਾਇਆ ਹੀ ਹਨ ਅਤੇ ਘੁਬਾਇਆ ਖੁਦ ਇਹ ਗੱਲ ਆਖ ਚੁੱਕੇ ਹਨ ਕਿ ਵੀਡੀਓ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਹ ਕੁਝ ਕੀਤਾ ਗਿਆ ਹੈ ਪਰ ਜੇਕਰ ਸੱਚ ਮੁੱਚ ਇਸ ਵੀਡੀਓ ਵਿਚ ਸ਼ੇਰ ਸਿੰਘ ਘੁਬਾਇਆ ਹਨ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਹਾਲਾਂਕਿ ਵੜਿੰਗ ਨੇ ਸਾਫ ਕੀਤਾ ਕਿ ਨਾ ਤਾਂ ਸ਼ੇਰ ਸਿੰਘ ਘੁਬਾਇਆ ਖਿਲਾਫ ਕੋਈ ਮਾਮਲਾ ਦਰਜ ਹੋਇਆ ਹੈ ਅਤੇ ਨਾ ਹੀ ਕਿਸੇ ਔਰਤ ਨੇ ਸ਼ਿਕਾਇਤ ਕੀਤੀ ਹੈ। ਜਦਕਿ ਲੰਗਾਹ ਖਿਲਾਫ ਬਕਾਇਦਾ ਐੱਫ. ਆਈ. ਆਰ. ਵੀ ਦਰਜ ਹੋਈ ਅਤੇ ਪੀੜਤਾ ਨੇ ਵੀ ਖੁੱਲ੍ਹ ਕੇ ਸਾਹਮਣੇ ਆ ਕੇ ਲੰਗਾਹ ਦਾ ਪਰਦਾਫਾਸ਼ ਕੀਤਾ ਸੀ।


author

Gurminder Singh

Content Editor

Related News