ਮਾਛੀਵਾੜਾ : ਸੰਸਦ ਮੈਂਬਰ ਅਮਰ ਸਿੰਘ ਨੇ ਗਡਕਰੀ ਨਾਲ ਕੀਤੀ ਮੁਲਾਕਾਤ
Tuesday, Jul 09, 2019 - 03:32 PM (IST)

ਮਾਛੀਵਾੜਾ (ਟੱਕਰ) : ਚੰਡੀਗੜ੍ਹ ਤੋਂ ਲੁਧਿਆਣਾ ਤੱਕ ਬਣ ਰਹੇ ਰਾਸ਼ਟਰੀ ਰਾਜ ਮਾਰਗ ਦੇ ਸੁਸਤ ਚਾਲ ਚੱਲਦੇ ਕੰਮ ਤੋਂ ਆਮ ਰਾਹਗੀਰਾਂ ਨੂੰ ਨਿੱਤ ਦਿਨ ਪਰੇਸ਼ਾਨੀ ਹੋ ਰਹੀ ਹੈ। ਇਸ ਦੇ ਲਈਹਲਕਾ ਫਤਹਿਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨਾਲ ਨਵੀਂ ਦਿੱਲੀ ਵਿਖੇ ਮੀਟਿੰਗ ਕੀਤੀ।
ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਚੰਡੀਗੜ੍ਹ ਤੋਂ ਲੁਧਿਆਣਾ ਤੱਕ ਬਣ ਰਹੇ ਰਾਸ਼ਟਰੀ ਰਾਜ ਮਾਰਗ ਦਾ ਜ਼ਿਆਦਾਤਰ ਹਿੱਸਾ ਹਲਕਾ ਫਤਹਿਗੜ੍ਹ ਸਾਹਿਬ 'ਚੋਂ ਗੁਜ਼ਰਦਾ ਹੈ। ਅਲਾਈਨਮੈਂਟ ਅਤੇ ਡਿਜ਼ਾਈਨ ਵਿਚ ਹੋ ਰਹੀ ਦੇਰੀ ਦੇ ਚੱਲਦਿਆਂ ਇਸ ਰਾਜ ਮਾਰਗ 'ਤੇ ਪੈਂਦੇ ਸਮਰਾਲਾ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਦੇ ਰਾਹਗੀਰਾਂ ਨੂੰ ਕਾਫੀ ਆਵਾਜਾਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ।
ਗਡਕਰੀ ਨੇ ਡਾ. ਅਮਰ ਸਿੰਘ ਨੂੰ ਭਰੋਸਾ ਦੁਆਇਆ ਕਿ ਉਹ ਇਸ ਮੁੱਦੇ 'ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਪਰੇਸ਼ਾਨੀ ਨੂੰ ਜਲਦ ਤੋਂ ਜਲਦ ਹੱਲ ਕਰਾਉਣਗੇ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਜਲਦ ਹੀ ਉੱਚ ਪੱਧਰੀ ਮੀਟਿੰਗ ਬੁਲਾਉਣਗੇ, ਜਿਸ ਵਿਚ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਸੰਬੰਧਤ ਧਿਰਾਂ ਨਾਲ ਮੁੱਦਾ ਵਿਚਾਰਿਆ ਜਾਵੇਗਾ।