ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਦਿੱਤੇ ਸੁਝਾਅ
Tuesday, Apr 21, 2020 - 02:41 PM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਮੰਡੀਆਂ 'ਚ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਹੋਰ ਚੁਸਤ ਅਤੇ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਈ ਸੁਝਾਅ ਦਿੱਤੇ ਹਨ। ਅਮਨ ਅਰੋੜਾ ਨੇ ਇਸ ਦੌਰਾਨ ਕਿਹਾ ਕਿ ਕਣਕ ਦੀ ਖ਼ਰੀਦ ਵਧੀਆ ਬਣਾਈ ਜਾਵੇ ਤਾਂ ਕਿ ਕਿਸਾਨ, ਖੇਤ-ਮਜ਼ਦੂਰ, ਪੱਲੇਦਾਰ, ਆੜਤੀ, ਵਪਾਰੀ, ਟਰਾਂਸਪੋਰਟ ਅਤੇ ਸਬੰਧਤ ਸਰਕਾਰੀ ਅਮਲਾ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਵੀ ਬਚਿਆ ਰਹੇ ਅਤੇ ਮੰਡੀਕਰਨ, ਪ੍ਰਕਿਰਿਆ ਵੀ ਨਿਰਵਿਘਨ ਮੁਕੰਮਲ ਹੋ ਸਕੇ। ਇਸ ਪੱਤਰ ਰਾਹੀਂ ਅਮਨ ਅਰੋੜਾ ਨੇ ਸਰਕਾਰ ਵੱਲੋਂ ਕੂਪਨ (ਪਾਸ) ਸਿਸਟਮ ਨੂੰ ਅਸਰ ਹੀਣ ਕਰਾਰ ਦਿੰਦਿਆਂ ਕਿਹਾ ਕਿ ਜਿਥੇ ਕਰੀਬ 135 ਲੱਖ ਮੈਟ੍ਰਿਕ ਟਨ ਕਣਕ ਹਜ਼ਾਰਾਂ ਆੜ੍ਹਤੀਆਂ ਰਾਹੀਂ ਲੱਖਾਂ ਕਿਸਾਨਾਂ ਤੋਂ ਮਹਿਜ਼ ਚੰਦ ਦਿਨਾਂ ਦੇ 'ਚ ਖ਼ਰੀਦਣੀ ਹੋਵੇ, ਓਥੇ ਐਨਾ 'ਕੇਂਦਰਿਤ ਸਿਸਟਮ' ਪ੍ਰੈਕਟੀਕਲ ਤੌਰ ਉਪਰ ਕਾਮਯਾਬ ਨਹੀਂ ਹੋ ਸਕਦਾ।
ਸੋਸ਼ਲ ਡਿਸਟੈਂਸਿਗ' ਦੀਆਂ ਉੱਡੀਆਂ ਧੱਜੀਆਂ
ਅਮਨ ਅਰੋੜਾ ਨੇ ਕਿਹਾ ਕਿ ਇਸ ਪਾਸ ਸਿਸਟਮ ਨਾਲ ਇਕ ਤਾਂ ਜਿੱਥੇ ਕਿਸਾਨ ਅਤੇ ਆੜ੍ਹਤੀਆਂ ਦੇ ਰਿਸ਼ਤਿਆਂ 'ਚ ਪਾਸ ਜਾਰੀ ਕਰਨ ਨੂੰ ਲੈ ਕੇ ਖਟਾਸ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ, ਓਥੇ ਹੀ ਵੱਖ-ਵੱਖ ਅਤੇ ਵੱਧ ਗਿਣਤੀ ਕਿਸਾਨਾਂ ਨੂੰ ਹਰ ਰੋਜ਼ ਵੰਡ-ਵੰਡ ਕੇ ਪਾਸ ਹੋਣ ਨਾਲ ਸੋਸ਼ਲ ਡਿਸਟੈਂਸਿਗ' ਨਿਯਮ ਦੀਆਂ ਧੱਜੀਆਂ ਉਡ ਰਹੀਆਂ ਹਨ। ਅਰੋੜਾ ਨੇ ਸੁਝਾਅ ਦਿੱਤੇ ਕਿ ਕਿਸਾਨਾਂ ਦੀ ਵੱਢੀ ਹੋਈ ਕਣਕ ਨੂੰ ਪਾਸ ਸਿਸਟਮ ਰਾਹੀਂ ਕਿਸਾਨਾਂ ਕੋਲ ਹੀ ਰੋਕਣ ਦੀ ਬਜਾਏ, ਉਸ ਨੂੰ ਸਾਰੀ ਫ਼ਸਲ ਨੂੰ ਇਕੱਠੇ ਲਿਆ ਕੇ ਵੱਡੇ ਫਰਸੀ ਧਰਮ ਕੰਡੇ ਉਪਰ ਹੀ ਮਹਿਕਮੇ ਦੇ ਇੰਸਪੈਕਟਰ ਵਲੋਂ ਨਮੀ ਚੈੱਕ ਕਰਨ ਉਪਰੰਤ ਟਰਾਲੀ ਅਤੇ ਕਣਕ ਦੇ ਕੁੱਲ ਵਜ਼ਨ 'ਚੋਂ ਉਸ 'ਚ ਮੌਜੂਦ ਸਰਕਾਰ ਵਲੋਂ ਮਨਜ਼ੂਰ ਕੀਤੇ ਔਸਤਨ ਭਾਰ ਦੀ ਕਟੌਤੀ ਕਰਕੇ ਕਿਸਾਨ ਨੂੰ ਫ਼ਾਰਗ ਕਰ ਦੇਣਾ ਚਾਹੀਦਾ ਹੈ, ਇਸ ਨਾਲ ਮੰਡੀ 'ਚ ਕਿਸਾਨਾਂ ਦਾ ਇਕੱਠ ਵੀ ਨਹੀਂ ਹੋਵੇਗਾ ਅਤੇ ਉਸ ਤੋਂ ਬਾਅਦ ਤਾਂ ਸਿਰਫ਼ ਲੇਬਰ ਅਤੇ ਆੜ੍ਹਤੀਏ ਦਾ ਕੰਮ ਰਹਿ ਜਾਵੇਗਾ, ਜੋ ਕਿ ਘੱਟ ਗਿਣਤੀ ਅਤੇ ਸਥਾਈ ਹੁੰਦੇ ਹਨ।
ਇਹ ਵੀ ਪੜ੍ਹੋ ► ਕੋਰੋਨਾ ਨਾਲ ਮਰੀ ਔਰਤ ਦੇ ਸੰਪਰਕ 'ਚ ਆਏ ਲੋਕਾਂ 'ਚੋਂ 6 ਦੀ ਪਹਿਲੀ ਰਿਪੋਰਟ ਆਈ ਨੈਗੇਟਿਵ
ਇਸ ਨਿਯਮ ਨਾਲ ਸਾਰਾ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ 'ਸੋਸ਼ਲ ਡਿਸਟੈਂਸਿੰਗ ਮਨੁੱਖਾਂ ਲਈ ਜ਼ਰੂਰੀ ਹੈ ਨਾ ਕਿ ਕਣਕ ਦੀਆਂ ਢੇਰੀਆਂ ਲਈ। ਇਸ ਤੋਂ ਇਲਾਵਾ ਇਹ ਵੀ ਬਦਲ ਹੈ ਕਿ ਕਿਸਾਨਾਂ ਨੂੰ ਇਕ-ਇਕ ਟਰਾਲੀ ਦੇ ਪਾਸ ਜਾਰੀ ਕਰਨ ਦੀ ਬਜਾਏ ਪਹਿਲਾਂ ਫ਼ੋਟੋ, ਫਿਰ ਉਸ ਤੋਂ ਵੱਡੇ ਅਤੇ ਫਿਰ ਸਭ ਤੋਂ ਵੱਡੇ ਕਿਸਾਨਾਂ ਦੀ ਫ਼ਸਲ ਇਕੋ ਵਾਰ ਲਿਆ ਕੇ ਖ਼ਰੀਦ ਕੀਤੀ ਜਾਵੇ, ਇਸ ਨਾਲ ਜ਼ਿਆਦਾ ਕਿਸਾਨਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਹੀ ਨਿੱਬੜ ਜਾਵੇਗਾ। ਵੱਡੇ ਕਿਸਾਨ ਤਾਂ ਕੁੱਝ ਦਿਨਾਂ ਲਈ ਆਪਣੀ ਫ਼ਸਲ ਨੂੰ ਘਰ ਵੀ ਸੰਭਾਲ ਸਕਦੇ ਹਨ ਜੋ ਕਿ ਛੋਟੇ ਕਿਸਾਨਾਂ ਲਈ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ ► ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਨੇ ਕੋਰੋਨਾ ਤੋਂ ਜਿੱਤੀ ਜੰਗ, ਹਸਪਤਾਲ ਤੋਂ ਮਿਲੀ ਛੁੱਟੀ
ਲੇਬਰ ਮਿਲਣ 'ਚ ਆਈ ਦਿੱਕਤ
ਅਮਨ ਅਰੋੜਾ ਨੇ ਅੱਗੇ ਕਿਹਾ ਕਿ ਖ਼ਰੀਦ ਦੇ ਇਸ ਸਾਰੇ ਪ੍ਰਬੰਧਾਂ 'ਚ ਲੇਬਰ ਇਕ ਅਹਿਮ ਕੜੀ ਹੈ ਪਰ ਜਿਸ ਤਰੀਕੇ ਨਾਲ ਸਰਕਾਰ ਨੇ ਖ਼ਰੀਦ ਸੀਜ਼ਨ ਇਸ ਵਾਰ 45 ਦਿਨ ਕਰ ਦਿੱਤਾ ਹੈ, ਉਸ ਨਾਲ ਹਰ ਲੇਬਰ ਵਾਲੇ ਵਿਅਕਤੀ ਨੂੰ ਜੋ 89000 ਰੁਪਏ ਮਹਿਜ਼ 15 ਦਿਨਾਂ 'ਚ ਹੀ ਬਣਾ ਲੈਂਦੇ ਸਨ, ਹੁਣ ਉਹ 45 ਦਿਨਾਂ 'ਚ ਕਰਨਗੇ ਜੋ ਕਿ ਗ਼ਰੀਬਾਂ ਨਾਲ ਨਾਇਨਸਾਫ਼ੀ ਹੈ ਜਿਸ ਦੀ ਵਜ੍ਹਾ ਕਰਕੇ ਮੰਡੀ 'ਚ ਲੇਬਰ ਮਿਲਣ ਦੀ ਵੀ ਦਿੱਕਤ ਆ ਰਹੀ ਹੈ, ਇਸ ਲਈ ਸਰਕਾਰ ਨੂੰ ਬਿਨਾਂ ਕਿਸਾਨ, ਆੜ੍ਹਤੀਏ ਆਦਿ 'ਤੇ ਬੋਝ ਪਾਏ ਆਪਣੇ ਵਲੋਂ ਲੇਬਰ ਕਰਨ ਵਾਲਿਆਂ ਨੂੰ ਸਨਮਾਨਜਨਕ ਮੁਆਵਜ਼ਾ ਦੇਣਾ ਚਾਹੀਦਾ ਹੈ।