ਪ੍ਰੀਖਿਆ ਕੇਂਦਰ ਮੁੱਦੇ ਨੂੰ ਲੈ ਪੰਜਾਬ ਦੇ ਸਾਰੇ ਐਫੀਲਿਏਟਿਡ ਸਕੂਲ ਕੱਲ੍ਹ ਰਹਿਣਗੇ ਬੰਦ
Sunday, Feb 04, 2018 - 10:06 AM (IST)
ਮੋਹਾਲੀ - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਮਾਰਚ 2018 ਦੀਆਂ ਪ੍ਰੀਖਿਆਵਾਂ ਲਈ ਸੈਲਫ ਪ੍ਰੀਖਿਆ ਕੇਂਦਰ ਨਾ ਬਣਾਉਣ ਦੇ ਫੈਸਲੇ ਵਿਰੁੱਧ ਐਫੀਲਿਟੇਟਿਡ ਸਕੂਲਾਂ ਦੀਆਂ ਤਿੰਨ ਜਥੇਬੰਦੀਆਂ, ਰੈਕੋਗਨਾਈਜ਼ਡ ਐਡੀਲਿਏਟਿਡ ਸਕੂਲ ਐਸੋਸੀਏਸ਼ਨ (ਰਾਸਾ), ਪੰਜਾਬ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਅਤੇ ਐਸੋਸੀਏਸ਼ਨ ਆਫ਼ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਸਿੱਖਿਆ ਬੋਰਡ ਦੇ ਫੈਸਲੇ ਵਿਰੁੱਧ 5 ਫਰਵਰੀ ਸੋਮਵਾਰ ਨੂੰ ਸਾਰੇ ਐਫੀਲਿਏਟਿਡ ਸਕੂਲ ਇਕ ਦਿਨ ਲਈ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪ੍ਰੈੱਸ ਨੂੰ ਜਾਰੀ ਇਕ ਸਾਂਝੇ ਬਿਆਨ ਰਾਹੀਂ ਰੈਕੋਗਨਾਈਜ਼ਡ ਐਫੀਲਿਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਦੇ ਪ੍ਰਧਾਨ ਰਵਿੰਦਰ ਸਿੰਘ ਮਾਨ, ਜਨਰਲ ਸਕੱਤਰ ਕੁਲਵੰਤ ਰਾਏ ਸ਼ਰਮਾ, ਪੰਜਾਬ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਸ਼ਰਮਾ, ਜਨਰਲ ਸਕੱਤਰ ਬਲਵਿੰਦਰ ਸਿੰਘ ਭਿੱਖੀਵਿੰਡ ਅਤੇ ਐਸੋਸੀਏਸ਼ਨ ਆਫ਼ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸ਼ਰਮਾ, ਜਨਰਲ ਸਕੱਤਰ ਆਈ. ਐੱਮ. ਦੱਤਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਨਕਲ ਰੋਕਣ ਦੀ ਆੜ 'ਚ ਸਕੂਲਾਂ ਦੇ ਸੈਲਫ ਪ੍ਰੀਖਿਆ ਕੇਂਦਰ ਬਣਾਉਣ ਦੀ ਬਜਾਏ ਪ੍ਰਾਈਵੇਟ ਸਕੂਲਾਂ ਦੇ ਪ੍ਰੀਖਿਆ ਕੇਂਦਰ ਸਰਕਾਰੀ ਸਕੂਲਾਂ 'ਚ ਬਣਾਏ ਜਾ ਰਹੇ ਹਨ।
ਜਥੇਬੰਦੀਆਂ ਵਲੋਂ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇਸ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਦੇ ਕੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਕਿ ਬੱਚਿਆਂ ਦੇ ਪ੍ਰੀਖਿਆ ਕੇਂਦਰ ਭਾਵੇਂ 3 ਕਿਲੋਮੀਟਰ ਦੇ ਘੇਰੇ 'ਚ ਬਣਾਉਣ ਲਈ ਹੁਕਮ ਕੀਤੇ ਗਏ ਹਨ ਪਰ ਹਕੀਕਤ 'ਚ ਪ੍ਰੀਖਿਆ ਕੇਂਦਰ ਕਈ-ਕਈ ਕਿਲੋਮੀਟਰ ਦੂਰ ਬਣਾਏ ਗਏ ਹਨ, ਜਿਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।