ਸ਼ਰਾਬ ਸਮੱਗਲਰਾਂ ਨੂੰ ਕਾਬੂ ਕਰਨ ਗਈ ਪੁਲਸ ’ਤੇ ਹਮਲਾ, ਗੁੱਸੇ ’ਚ ਭੜਕੇ ਲੋਕਾਂ ਨੇ DSP ਦੀ ਗੱਡੀ ਦੇ ਸ਼ੀਸ਼ੇ ਤੋੜੇ
Monday, Apr 12, 2021 - 08:40 AM (IST)
ਅਬੋਹਰ (ਜ. ਬ.., ਨਾਗਪਾਲ) - ਅਬੋਹਰ-ਹਿੰਦੂਮਲਕੋਟ ਰੋਡ ’ਤੇ ਸਥਿਤ ਢਾਣੀ ਚਿਰਾਗ ’ਚ ਨਾਜਇਜ਼ ਸ਼ਰਾਬ ਸਮੱਗਲਰਾਂ ਨੂੰ ਕਾਬੂ ਕਰਨ ਗਈ ਪੁਲਸ ’ਤੇ ਲੋਕਾਂ ਵਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਨਾ ਮਿਲਣ ’ਤੇ ਗੁੱਸੇ ’ਚ ਆਏ ਲੋਕਾਂ ਨੇ ਪੱਥਰ ਮਾਰ ਕੇ ਡੀ. ਐੱਸ. ਪੀ. ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਪੁਲਸ ਨੇ ਹਮਲਾਵਰਾਂ ’ਤੇ ਮਾਮਲਾ ਦਰਜ ਕਰ ਲਿਆ ਹੈ, ਉੱਥੇ ਹੀ ਢਾਣੀ ਵਾਸੀਆਂ ਨੇ ਪੁਲਸ ’ਤੇ ਠੇਕੇਦਾਰਾਂ ਵੱਲੋਂ ਸ਼ਰਾਬ ਸਮੱਗਲਿੰਗ ਦਾ ਗਲਤ ਦੋਸ਼ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
ਜਾਣਕਾਰੀ ਅਨੁਸਾਰ ਅਬੋਹਰ ਦੇ ਡੀ. ਐੱਸ. ਪੀ. ਕ੍ਰਾਈਮ ਮੋਹਨ ਦਾਸ, ਥਾਣਾ 1 ਦੇ ਇੰਚਾਰਜ ਤੇਜਿੰਦਰ ਸਿੰਘ ਤੇ ਐਕਸਾਈਜ ਵਿਭਾਗ ਦੀ ਟੀਮ ਸ਼ਰਾਬ ਮਾਫੀਆ ’ਤੇ ਰੋਕ ਲਾਉਣ ਲਈ ਢਾਣੀ ਚਿਰਾਗ ਪਹੁੰਚੀ। ਰੇਡ ਦੌਰਾਨ ਘਰ ’ਚੋਂ ਕੁਝ ਵੀ ਬਰਾਮਦ ਨਾ ਹੋਣ ’ਤੇ ਗੁੱਸੇ ’ਚ ਆਏ ਲੋਕਾਂ ਨੇ ਜਨਾਨੀਆਂ ਨਾਲ ਮਿਲ ਕੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਪੱਥਰ ਮਾਰ ਕੇ ਡੀ. ਐੱਸ. ਪੀ. ਤੇ ਐਕਸਾਈਜ ਵਿਭਾਗ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ।
ਐੱਸ. ਐੱਸ. ਪੀ. ਹਰਜੀਤ ਸਿੰਘ ਦੇ ਨਿਰਦੇਸ਼ਾਂ ’ਤੇ ਨਗਰ ਥਾਣਾ 1 ਦੀ ਪੁਲਸ ਨੇ ਸ਼ਰਾਬ ਠੇਕੇਦਾਰ ਦੇ ਕਰਮਚਾਰੀ ਗੁਰਬਚਨ ਸਿੰਘ ਪੁੱਤਰ ਕਾਬਿਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਲਖਵਿੰਦਰ ਸਿੰਘ, ਗੁਰਜੀਤ ਕੌਰ, ਬਸੋ ਬਾਈ, ਸ਼ਮਸ਼ੇਰ ਸਿੰਘ, ਯਾਦਵਿੰਦਰ ਸਿੰਘ, ਰਛਪਾਲ ਸਿੰਘ ਸਮੇਤ ਅਣਪਛਾਤੇ ਲੋਕਾਂ ਦੇ ਵਿਰੁੱਧ ਹੱਤਿਆ ਦੀ ਕੋਸ਼ਿਸ਼ ਕਰਨ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਇੰਚਾਰਜ ਤੇਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਪੁਲਸ ਪਾਰਟੀ ਵੱਲੋਂ ਛਾਪੇਮਾਰੀ ਜਾਰੀ ਹੈ। ਇਸ ਸਬੰਧੀ ਢਾਣੀ ਦੇ ਸਰਪੰਚ ਨੇ ਦੱਸਿਆ ਕਿ ਪੁਲਸ ਹਮੇਸ਼ਾ ਹੀ ਭਾਰੀ ਪੁਲਸ ਬਲ ਤੇ ਠੇਕੇਦਾਰਾਂ ਨਾਲ ਮਿਲ ਕੇ ਰੇਡ ਮਾਰਨ ਦੇ ਨਾਮ ’ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਅੱਜ ਵੀ ਕਰੀਬ ਭਾਰੀ ਪੁਲਸ ਫੋਰਸ ਦੇ ਨਾਲ ਮਾਰੀ ਰੇਡ ’ਚ ਕੋਈ ਬਰਾਮਦਗੀ ਨਹੀਂ ਹੋਈ ਹੈ।