ਸ਼ਰਾਬ ਦੀਅਾਂ 37 ਪੇਟੀਆਂ ਸਣੇ 2 ਕਾਬੂ
Sunday, Jun 10, 2018 - 12:52 AM (IST)

ਸ੍ਰੀ ਅਨੰਦਪੁਰ ਸਾਹਿਬ, (ਬਾਲੀ)- ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਸ ਪਾਰਟੀ ਨੇ ਬੀਤੀ ਰਾਤ ਵੱਖ-ਵੱਖ ਥਾਂਵਾਂ ’ਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਦੇਸੀ ਸਰਾਬ ਦੀਆਂ 37 ਪੇਟੀਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਥਾਣਾ ਸ੍ਰੀ ਅਨੰਦਪੁਰ ਸਾਹਿਬ ਪਵਨ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ ਕਰਨੈਲ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਨਿੱਕੂਵਾਲ ਮੋਡ਼ ’ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਆ ਰਹੀ ਇਕ ਅਲਟੋ ਕਾਰ ਨੂੰ ਜਦੋਂ ਰੋਕ ਕੇ ਚੈੱਕ ਕੀਤਾ ਤਾਂ ਉਸ ਵਿਚੋਂ 35 ਪੇਟੀਆਂ (420 ਬੋਤਲਾਂ) ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਮੁਲਜ਼ਮ ਭਾਰਤ ਭੂਸ਼ਣ ਉਰਫ ਗਗਨ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੰਤੋਖਗਡ਼੍ਹ ਥਾਣਾ ਹਰੌਲ਼ੀ ਊਨਾ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਦੋਂਕਿ ਦੂਸਰੇ ਮਾਮਲੇ ਵਿਚ ਏ.ਐੱਸ.ਆਈ ਮਹਿੰਦਰਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਨਾਕੇ ਦੌਰਾਨ ਦਰਸ਼ਨ ਸਿੰਘ ਪੁੱਤਰ ਸ਼ਿਵ ਦਿਆਲ ਵਾਸੀ ਵਾਰਡ ਨੰਬਰ 3 ਮੁਹੱਲਾ ਚੋਈ ਬਾਜ਼ਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਸ਼ਰਾਬ ਦੀਆਂ ਦੋ ਪੇਟੀਆਂ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਦੋਵਾਂ ਖਿਲਾਫ ਮਾਮਲੇ ਦਰਜ ਕਰ ਕੇ ਜੱਜ ਸਾਹਿਬ ਦੇ ਆਦੇਸ਼ਾਂ ’ਤੇ ਦੋਵਾਂ ਨੂੰ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਹੈ।