ਪੰਜਾਬ ''ਚ ਸਕੂਲ ਘੱਟ, ਹੁਣ ਸ਼ਰਾਬ ਦੇ ਠੇਕੇ ਦਿਖਣਗੇ ਜ਼ਿਆਦਾ
Saturday, Mar 31, 2018 - 04:21 AM (IST)

ਦੋਰਾਹਾ(ਗੁਰਮੀਤ ਕੌਰ)-ਸੂਬੇ 'ਤੇ ਪੂਰੇ ਪੰਜ ਸਾਲ ਬਾਅਦ ਰਾਜ ਕਰਨ ਵਾਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਭੋਲੇ-ਭਾਲੇ ਲੋਕਾਂ ਨੂੰ ਵਿਕਾਸ ਕਾਰਜਾਂ, ਸਹੂਲਤਾਂ ਅਤੇ ਸੂਬੇ ਨੂੰ ਨੰਬਰ ਵਨ ਬਣਾਉਣ ਦੇ ਵਾਅਦੇ ਕਰਕੇ ਬੇਵਕੂਫ ਬਣਾਉਣ ਤੋਂ ਬਾਅਦ ਖੁਦ ਆਪਣੇ ਹਿੱਤਾਂ ਦੀ ਪੂਰਤੀ ਕਰਕੇ ਚਲੀਆਂ ਜਾਂਦੀਆਂ ਹਨ, ਪਰ ਕਿਸੇ ਨੇ ਵੀ ਸੂਬੇ ਦੀ ਨਿੱਘਰ ਰਹੀ ਦਸ਼ਾ ਵੱਲ ਕਦੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਮਝੀ, ਜਿਸ ਕਰਕੇ ਸੂਬਾ ਵਿਕਾਸ 'ਚ ਨੰਬਰ ਵਨ ਹੋਣ ਦੀ ਬਜਾਏ ਵਿਨਾਸ਼ 'ਚ ਨੰਬਰ ਵਨ ਬਣਦਾ ਜਾ ਰਿਹਾ ਹੈ। ਜੇਕਰ ਸੂਬੇ 'ਚ ਦੇਸ਼ ਦੇ ਭਵਿੱਖ ਨੌਜਵਾਨ ਪੀੜ੍ਹੀ ਪ੍ਰਤੀ ਇਨ੍ਹਾਂ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਇਕ ਝਾਤ ਮਾਰੀ ਜਾਵੇ ਤਾਂ ਲੀਡਰਾਂ ਨੂੰ ਦੇਸ਼ ਦੇ ਭਵਿੱਖ ਪ੍ਰਤੀ ਕੋਈ ਚਿੰਤਾ ਨਹੀਂ ਜਾਪਦੀ। ਇਸਦੀ ਜਿਉਂਦੀ-ਜਾਗਦੀ ਮਿਸਾਲ ਇਹ ਦੇਖਣ ਨੂੰ ਮਿਲਦੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਦੀ ਬਜਾਏ ਅਜਿਹੇ ਲੀਡਰਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ 'ਚ ਹੋਰ ਧੱਕਣ ਨੂੰ ਦੇਖ ਕੇ ਮਿਲਦੀ ਹੈ। ਹਾਲ ਹੀ 'ਚ ਸੂਬੇ ਦੀ ਸੱਤਾ 'ਤੇ ਬਿਰਾਜਮਾਨ ਕਾਂਗਰਸ ਪਾਰਟੀ ਵੱਲੋਂ ਜਿੱਥੇ ਇਕ ਪਾਸੇ ਸੂਬੇ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਦਾ ਪ੍ਰਣ ਕੀਤਾ ਗਿਆ ਸੀ, ਉਥੇ ਦੂਜੇ ਪਾਸੇ ਹਰ ਘਰ ਦੇ ਨੇੜੇ ਨਸ਼ਾ ਵੇਚਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸਰਕਾਰ ਵੱਲੋਂ ਮਾਲੀਆ ਇਕੱਠਾ ਕਰਨ ਦੇ ਮੰਤਵ ਨਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ 'ਚ ਵਾਧਾ ਕਰਨ ਦਾ ਐਲਾਨ ਸੁਣ ਕੇ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਕੀ ਇਨ੍ਹਾਂ ਲੀਡਰਾਂ ਨੂੰ ਸ਼ਰਾਬ ਕੋਈ ਨਸ਼ਾ ਨਹੀਂ ਜਾਪਦੀ? ਜਦਕਿ ਅਸਲੀਅਤ 'ਚ ਸ਼ਰਾਬ ਵਰਗੇ ਨਸ਼ੇ ਨੇ ਹਜ਼ਾਰਾਂ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਉਧਰ ਦੂਜੇ ਪਾਸੇ ਵਿਦਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਦੀ ਬਜਾਏ ਸ਼ਰਾਬ ਦੇ ਠੇਕਿਆਂ ਦੀ ਗਿਣਤੀ 'ਚ ਵਾਧੇ 'ਤੇ ਲੋਕਾਂ ਨੇ ਮੌਜੂਦਾ ਸਰਕਾਰ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਸੂਬੇ 'ਚ ਸਕੂਲ ਘੱਟ, ਸਗੋਂ ਸ਼ਰਾਬ ਦੇ ਠੇਕੇ ਜ਼ਿਆਦਾ ਦਿਖਣਗੇ ਅਤੇ ਆਉਣ ਵਾਲੇ ਸਮੇਂ 'ਚ ਸ਼ਰਾਬ ਜੀ. ਟੀ. ਰੋਡ ਵਾਲੇ ਠੇਕਿਆਂ ਤੋਂ ਮਿਲਣ ਦੀ ਬਜਾਏ ਘਰਾਂ ਦੇ ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਤੋਂ ਆਸਾਨੀ ਨਾਲ ਮਿਲ ਜਾਇਆ ਕਰੇਗੀ। ਮੌਜੂਦਾ ਸਰਕਾਰ ਦੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧਾਉਣ ਦੇ ਫੈਸਲੇ ਨੇ ਹਰ ਕਿਸੇ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਲੋਕਾਂ ਦੀਆਂ ਵੋਟਾਂ ਨਾਲ ਜਿੱਥੇ ਲੀਡਰ ਕੀ ਹੁਣ ਲੋਕ ਹਿੱਤਦੇ ਫੈਸਲੇ ਲੈਣ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਫੈਸਲੇ ਲੈਣਗੇ? ਅਤੇ ਨੌਜਵਾਨ ਪੀੜ੍ਹੀ ਨੂੰ ਚਿੱਟੇ ਦੇ ਨਸ਼ੇ ਵਾਂਗ ਹੁਣ ਲਾਲ ਨਸ਼ੇ ਦੇ ਦਰਿਆ 'ਚ ਡੁਬੋ ਦੇਣਗੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਵੋਟਾਂ ਵੇਲੇ ਵੰਡੀ ਜਾਣ ਵਾਲੀ ਸ਼ਰਾਬ ਦੇ ਆਦੀ ਵੋਟਰਾਂ ਨੂੰ ਹੁਣ ਉਮੀਦਵਾਰਾਂ ਵੱਲੋਂ ਵੰਡਣ ਦੀ ਬਜਾਏ ਘਰਾਂ ਦੇ ਨੇੜੇ ਖੁੱਲ੍ਹੇ ਠੇਕਿਆਂ ਤੋਂ ਪਹਿਲਾਂ ਬੁੱਕ ਕੀਤੀ ਮਿਲ ਜਾਇਆ ਕਰੇਗੀ। ਸੂਬੇ ਦੀ ਜਨਤਾ ਹੁਣ ਇਹ ਸੋਚਣ ਲਈ ਮਜਬੂਰ ਹੋ ਗਈ ਹੈ ਕਿ ਆਖਿਰ ਦੇਸ਼ ਦੇ ਭਵਿੱਖ ਪ੍ਰਤੀ ਲੀਡਰਾਂ ਦੀ ਕੋਈ ਉਸਾਰੂ ਸੋਚ ਨਾ ਹੋਣਾ ਕਿਸ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ, ਫਿਲਹਾਲ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗ ਹੀ ਜਾਵੇਗਾ ਪਰ ਭਵਿੱਖ 'ਚ ਨਸ਼ਿਆਂ ਦੇ ਦਰਿਆ ਸਾਹਮਣੇ ਵਿਦਿਆ ਦਾ ਨਾਮੋ-ਨਿਸ਼ਾਨ ਜ਼ਰੂਰ ਮਿਟ ਜਾਵੇਗਾ।