ਕਿਸਾਨਾਂ ਦੇ ਗਣਤੰਤਰ ਦਿਵਸ ਮਾਰਚ ਲਈ ਅਕਾਲੀ ਵਰਕਰਾਂ ''ਚ ਭਰਪੂਰ ਉਤਸ਼ਾਹ : ਬਾਦਲ

Thursday, Jan 21, 2021 - 07:26 PM (IST)

ਕਿਸਾਨਾਂ ਦੇ ਗਣਤੰਤਰ ਦਿਵਸ ਮਾਰਚ ਲਈ ਅਕਾਲੀ ਵਰਕਰਾਂ ''ਚ ਭਰਪੂਰ ਉਤਸ਼ਾਹ : ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਵਰਕਰਾਂ ਨੁੰ ਆਦੇਸ਼ ਦਿੱਤਾ ਕਿ ਉਹ 26 ਜਨਵਰੀ ਦੇ ਕਿਸਾਨ ਗਣਤੰਤਰ ਦਿਵਸ ਮਾਰਚ ਦੀ ਅਪਾਰ ਸਫਲਤਾ ਲਈ ਯਤਨ ਹੋਰ ਤੇਜ਼ ਕਰ ਦੇਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਰਕਰਾਂ ਵਿਚ 26 ਜਨਵਰੀ ਦੇ ਮਾਰਚ ਨੂੰ ਲੈ ਕੇ ਅਥਾਹ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸ਼ਾਂਤੀਪੂਰਨ ਅਤੇ ਲੋਕਤੰਤਰੀ ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਵਾਂਗੇ। ਉਨ੍ਹਾਂ ਕਿਹਾ ਕਿ ਵਰਕਰ ਪਹਿਲਾਂ ਹੀ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ ਜੋ ਵਡੇਰੀ ਉਮਰ ਕਾਰਨ ਜਾਂ ਕਿਸੇ ਮਜਬੂਰੀ ਕਾਰਨ ਹਾਲੇ ਕੌਮੀ ਰਾਜਧਾਨੀ ਨਹੀਂ ਜਾ ਸਕੇ, ਉਹ ਇਸੇ ਤਰੀਕੇ ਦੀ ਲੋਕਤੰਤਰੀ ਗਤੀਵਿਧੀ ਉਸ ਦਿਨ ਜਿਥੇ ਕਿਤੇ ਵੀ ਉਨ੍ਹਾਂ ਨੂੰ ਸੁਖਾਲਾ ਲੱਗੇ ਕਰਨਗੇ।
ਬਾਦਲ ਨੇ ਕਹਾ ਕਿ ਕਿਸਾਨਾਂ ਨੂੰ ਇਹ ਮਾਰਚ ਜੋ ਕਿ ਗਣਤੰਤਰ ਦਿਵਸ ਮਾਰਚ ਹੀ ਹੈ, ਇਸ ਕਰ ਕੇ ਆਯੋਜਿਤ ਕਰਨਾ ਪਿਆ ਕਿਉਂਕਿ ਭਾਰਤ ਸਰਕਾਰ ਕਿਸਾਨ ਵਿਰੋਧੀ ਐਕਟ ਖਾਰਜ ਕਰਨ ਵਾਸਤੇ ਉਨ੍ਹਾਂ ਦੀ ਵਾਜਬ ਮੰਗ ਮੰਨਣ ਪ੍ਰਤੀ ਬਿਲਕੁਲ ਹੀ ਬੇਰੁਖੀ ਅਪਣਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਆਪਣਾ ਰਵੱਈਆ ਬਦਲਣ ਲਈ ਰਾਜ਼ੀ ਕਰਨ ਵਾਸਤੇ ਯਤਨ ਕੀਤਾ। ਅਸੀਂ ਬਹੁਤ ਸੰਜਮ ਵਿਖਾਇਆ ਅਤੇ ਸਰਕਾਰ ਨੂੰ ਇਹ ਤਰਕ ਵੀ ਦਿੱਤਾ ਕਿ ਇਹ ਕਾਨੂੰਨ ਉਨ੍ਹਾਂ ਨੂੰ ਮਨਜ਼ੂਰ ਨਹੀਂ ਹਨ ਜਿਨ੍ਹਾਂ ਵਾਸਤੇ ਸਰਕਾਰ ਇਹ ਬਣਾਏ ਦੱਸ ਰਹੀ ਹੈ। ਪਰ ਜਦੋਂ ਸਾਨੂੰ ਲੱਗਿਆ ਕਿ ਉਹ ਬਿਲਕੁਲ ਹੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅੜੇ ਹੋਏ ਹਨ ਤਾਂ ਅਸੀਂ ਸਰਕਾਰ ਵਿਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਲੱਗਿਆ ਕਿ ਹੁਣ ਤਾਂ ਸ਼ਾਇਦ ਭਾਜਪਾ ਲੀਡਰਸ਼ਿਪ ਅਤੇ ਸਰਕਾਰ  ਮਾਮਲੇ ਦੀ ਗੰਭੀਰਤਾ ਨੂੰ ਸਮਝੇ ਪਰ ਸਾਡੀਆਂ ਆਸਾਂ ਧਰੀਆਂ ਦੇ ਧਰਾਈਆਂ ਰਹਿ ਗਈਆਂ ਜਿਸ ਕਾਰਨ ਅਸੀਂ ਐਨ ਡੀ ਏ ਤੋਂ ਬਾਹਰ ਆਉਣ ਦਾ ਫੈਸਲਾ ਕੀਤਾ ਅਤੇ ਸਾਡੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵੀ ਵਾਪਸ ਕਰ ਦਿੱਤਾ ਪਰ ਸਭ ਤੋਂ ਪੁਰਾਣੇ ਸਹਿਯੋਗੀ ਦੇ ਇਨ੍ਹਾਂ ਫੈਸਲਿਆਂ ਅਤੇ ਕਿਸਾਨਾਂ ਦੀ ਪੀੜਾ ਦਾ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ। ਇਸ ਕਰਕੇ ਇਸ ਬੇਰੁਖੀ ਸਰਕਾਰ ਕਾਰਨ ਕਿਸਾਨ ਆਪਣੀਆਂ ਵਾਜਬ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ।
 


author

Bharat Thapa

Content Editor

Related News