ਕੀ ਵਿਧਾਨ ਸਭਾ ਚੋਣ ''ਚ ਵੀ ਧਾਂਦਲੀ ਹੋਈ ਸੀ? : ਵਿਧਾਇਕ ਰਾਜਿੰਦਰ ਸਿੰਘ

Tuesday, Mar 20, 2018 - 09:52 AM (IST)

ਕੀ ਵਿਧਾਨ ਸਭਾ ਚੋਣ ''ਚ ਵੀ ਧਾਂਦਲੀ ਹੋਈ ਸੀ? : ਵਿਧਾਇਕ ਰਾਜਿੰਦਰ ਸਿੰਘ

ਪਟਿਆਲਾ, (ਜ. ਬ.)-ਅਕਾਲੀ ਨੇਤਾਵਾਂ ਵੱਲੋਂ ਨਗਰ ਨਿਗਮ ਪਟਿਆਲਾ ਦੀ ਚੋਣ ਦੇ 4 ਮਹੀਨਿਆਂ ਬਾਅਦ ਧਾਂਦਲੀਆਂ ਦਾ ਦੋਸ਼ ਲਾਉਣ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ 'ਤੇ ਪਲਟਵਾਰ ਕਰਦਿਆਂ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਵਿਚ ਜ਼ਿਲੇ ਭਰ 'ਚੋਂ ਅਕਾਲੀ ਦਲ ਦਾ ਸਫਾਇਆ ਹੋ ਗਿਆ ਸੀ। ਕੀ ਵਿਧਾਨ ਸਭਾ ਵਿਚ ਵੀ ਧਾਂਦਲੀ ਹੋਈ ਸੀ? ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਹੋਈਆਂ ਨੂੰ 4 ਮਹੀਨੇ ਬੀਤ ਗਏ ਹਨ। ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਹਨ। ਆਖਰ ਹੁਣ ਅਕਾਲੀਆਂ ਨੂੰ ਧਾਂਦਲੀਆਂ ਦੀ ਯਾਦ ਕਿਉਂ ਆਈ? ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਸ਼ਹਿਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ 54 ਹਜ਼ਾਰ ਦੀ ਲੀਡ ਮਿਲੀ ਸੀ। ਅਕਾਲੀ ਦਲ ਦੇ ਉਮੀਦਵਾਰ ਨੂੰ 10 ਹਜ਼ਾਰ ਤੋਂ ਵੀ ਘੱਟ ਵੋਟ ਮਿਲੇ ਸਨ।
ਇਸੇ ਤਰ੍ਹਾਂ ਪਟਿਆਲਾ ਦਿਹਾਤੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਬ੍ਰਹਮ ਮਹਿੰਦਰਾ ਨੂੰ 28 ਹਜ਼ਾਰ ਤੋਂ ਜ਼ਿਆਦਾ ਦੀ ਲੀਡ ਮਿਲੀ ਸੀ। ਇੱਥੇ ਵੀ ਅਕਾਲੀ ਦਲ ਤੀਸਰੇ ਨੰਬਰ 'ਤੇ ਰਿਹਾ ਸੀ। ਹਲਕਾ ਸਮਾਣਾ ਤੋਂ ਅਕਾਲੀ ਦਲ ਨੂੰ ਕਰਾਰੀ ਹਾਰ ਮਿਲੀ ਸੀ। ਪਟਿਆਲਾ ਦੀਆਂ ਸਮੁੱਚੀਆਂ ਸੀਟਾਂ 'ਤੇ ਅਕਾਲੀ ਦਲ ਦਾ ਸਫਾਇਆ ਹੋ ਗਿਆ ਸੀ। ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲਾ ਸ਼ਹਿਰ ਦੇ ਕਿਸੇ ਵੀ ਬੂਥ ਤੋਂ ਅਕਾਲੀ ਦਲ ਨੂੰ ਜਿੱਤ ਨਹੀਂ ਮਿਲੀ ਸੀ ਅਤੇ ਅਕਾਲੀ ਦਲ ਸਮੁੱਚੇ ਬੂਥਾਂ ਤੋਂ ਬੁਰੀ ਤਰ੍ਹਾਂ ਹਾਰਿਆ ਸੀ। ਅਜਿਹੇ ਵਿਚ ਅਕਾਲੀ ਇਹ ਕਿਵੇਂ ਆਖ ਸਕਦੇ ਹਨ ਕਿ ਨਗਰ ਨਿਗਮ ਚੋਣਾਂ ਵਿਚ ਫਰਜ਼ੀ ਵੋਟਿੰਗ ਹੋਈ? ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕ ਹਮੇਸ਼ਾ ਹੀ ਕਾਂਗਰਸ ਨੂੰ ਜਿਤਾਉਂਦੇ ਆਏ ਹਨ। 1999 ਦੀ ਲੋਕ ਸਭਾ ਚੋਣਾਂ, 2002, 2007, 2012, 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਵੱਡੇ ਫਰਕ ਨਾਲ ਜਿੱਤੇ। ਹਾਲ ਹੀ 'ਚ ਸਮਾਣਾ ਵਿਚ ਹੋਈ ਅਕਾਲੀ ਦਲ ਦੀ ਰੈਲੀ ਫਲਾਪ ਰਹੀ। ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਪਟਿਆਲਾ ਦੀ ਹਰ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਕਾਂਗਰਸ ਜਿਤਦੀ ਹੈ ਤਾਂ 2007 ਅਤੇ 2012 ਦੀਆਂ ਨਗਰ ਨਿਗਮ ਚੋਣਾਂ ਵਿਚ ਅਕਾਲੀ-ਭਾਜਪਾ ਕਿਵੇਂ ਜਿੱਤ ਗਿਆ? ਸਾਰਿਆਂ ਨੂੰ ਪਤਾ ਹੈ ਕਿ ਅਕਾਲੀਆਂ ਨੇ ਬੂਥ ਕੈਪਚਰ ਕਰ ਕੇ ਚੋਣ ਜਿੱਤੀ ਸੀ। ਇਨ੍ਹਾਂ ਨੂੰ ਕਾਂਗਰਸ 'ਤੇ ਦੋਸ਼ ਲਾਉਣ ਦੀ ਥਾਂ 2007 ਅਤੇ 2012 ਦੀਆਂ ਨਗਰ ਨਿਗਮ ਚੋਣਾਂ ਵਿਚ ਕੀਤੀ ਗਈ ਗੁੰਡਾਗਰਦੀ ਦੇ ਨੰਗੇ ਨਾਚ ਨੂੰ ਯਾਦ ਕਰ ਲੈਣਾ ਚਾਹੀਦਾ ਹੈ। ਰਾਜਿੰਦਰ ਸਿੰਘ ਨੇ ਕਿਹਾ ਕਿ ਵਾਰਡ ਨੰ 14 ਵਿਚ ਕਾਂਗਰਸ ਰਿਚੀ ਡਕਾਲਾ ਦੇ ਰੂਪ ਵਿਚ ਮਜ਼ਬੂਤ ਉਮੀਦਵਾਰ ਦਿੱਤਾ ਸੀ, ਜਿਸ ਨੇ ਅਕਾਲੀ ਦਲ ਨੂੰ ਕਰਾਰੀ ਹਾਰ ਦਿੱਤੀ। ਇਸ ਕਾਰਨ ਅਕਾਲੀ ਦਲ ਬੁਖਲਾਹਟ ਵਿਚ ਹੈ।


Related News