ਕਿਸਾਨਾਂ ਦੇ ਹੱਕਾਂ ਲਈ ਅਕਾਲੀ ਦਲ ਪਹਿਲਾਂ ਚੰਡੀਗੜ੍ਹ ਘੇਰੇਗਾ ਫਿਰ ਦਿੱਲੀ: ਹਰਸਿਮਰਤ ਬਾਦਲ
Monday, Sep 28, 2020 - 07:19 PM (IST)
ਜ਼ੀਰਾ, (ਗੁਰਮੇਲ ਸੇਖ਼ਵਾ)- ਤਿੰਨ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲਾਂ ਨੂੰ ਲੈ ਕੇ ਕਿਸਾਨ-ਮਜ਼ਦੂਰਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਬਹੁਤ ਲੰਬਾ ਚੱਲੇਗਾ, ਕਿਉਂਕਿ ਪਿਛਲੇ 10 ਦਿਨਾਂ ਵਿੱਚ ਇਹ ਸਾਫ਼ ਹੋ ਗਿਆ ਹੈ ਕਿ ਕੇਂਦਰ ਸਰਕਾਰ ਨੇ ਨਾ ਹੀ ਦੇਸ਼ ਦੇ ਕਿਸਾਨਾਂ ਦੀ ਕੋਈ ਗੁਹਾਰ ਸੁਣਨੀ ਹੈ ਅਤੇ ਨਾ ਹੀ ਕਿਸਾਨ-ਮਜ਼ਦੂਰਾਂ ਦੀ ਪੀੜਾਂ ਨੂੰ ਸਮਝਣਾ ਹੈ ਪਰ ਇਸ ਸੰਘਰਸ਼ ਦੇ ਨਾਲ ਪੰਜਾਬ ਦਾ ਭਵਿੱਖ ਜੁੜਿਆ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਸੰਘਰਸ਼ 'ਚ ਆਪਣਾ ਹਰ ਫਰਜ਼ ਅਦਾ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਦੀ ਕੀਤੀ ਜਾ ਰਹੀ ਹਮਾਇਤ 'ਤੇ ਕੇਂਦਰ ਸਰਕਾਰ ਵੱਲੋਂ ਅਕਾਲੀ ਦਲ ਖ਼ਿਲਾਫ਼ ਪੁਰਾਣੇ ਮਾਮਲੇ ਦੀਆਂ ਜਾਂਚ ਕਰਵਾਉਣ ਦੇ ਦਿੱਤੇ ਹੁਕਮ ਸਬੰਧੀ 'ਜੱਗ ਬਾਣੀ' ਦੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ 'ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਸਭ ਪੁਰਾਣੇ ਹੱਥਕੰਡੇ ਹਨ, ਜਿਸ ਤੋਂ ਸ਼੍ਰੋਮਣੀ ਅਕਾਲੀ ਦਲ ਡਰਨ ਵਾਲਾ ਨਹੀਂ, ਕਿਉਂਕਿ ਅਸੀਂ ਵਾਹਿਗੁਰੂ ਦੀ ਓਟ ਲੈ ਕੇ ਕਿਸਾਨ-ਮਜ਼ਦੂਰਾਂ ਦੀ ਹਰ ਅਵਾਜ਼ ਬੁਲੰਦ ਕੀਤੀ, ਫਿਰ ਭਾਵੇਂ ਅਸੀਂ ਆਪਣੀ ਕੁਰਸੀ ਛੱਡੀ, ਭਾਵੇਂ ਭਾਈਵਾਲ ਪਾਰਟੀ ਭਾਜਪਾ ਨੂੰ ਛੱਡਿਆ, ਪਰ ਅਸੀਂ ਆਪਣੇ ਕਿਸਾਨ-ਮਜ਼ਦੂਰ ਭਰਾਵਾਂ ਨਾਲ ਹਰ ਫਰਜ਼ ਅਦਾ ਕੀਤਾ ਅਤੇ ਇਸ ਸੰਘਰਸ਼ ਵਿੱਚ ਅਕਾਲੀ ਦਲ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਤੋਂ ਬਾਅਦ ਵੱਡੇ ਤੋਂ ਵੱਡਾ ਸੰਘਰਸ਼ ਕਰ ਆਪਣਾ ਹੱਕ ਲੈ ਕੇ ਰਹੇਗਾ। ਕਿਸਾਨ-ਮਜ਼ਦੂਰਾਂ ਦੇ ਹੱਕਾਂ ਦਾ ਇਹ ਮਸਲਾ ਕੇਂਦਰ ਸਰਕਾਰ ਦਾ ਹੈ, ਚੰਡੀਗੜ੍ਹ ਘੇਰਨ ਦਾ ਕੀ ਮਕਸਦ ਹੈ ਦੇ ਪੁੱਛੇ ਗਏ ਸਵਾਲ 'ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਮਸਲੇ 'ਤੇ ਕਾਂਗਰਸ ਦੀ ਕੈਪਟਨ ਸਰਕਾਰ ਕੇਂਦਰ ਦੀ ਭਾਈਵਾਲ ਹੈ, ਜਿਸ ਲਈ ਪਹਿਲਾਂ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰਨ ਤੋਂ ਬਾਅਦ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਘੇਰ ਰੋਸ ਪ੍ਰਦਰਸ਼ਨ ਕਰੇਗਾ। ਇਸ ਮੌਕੇ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ, ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ, ਜੋਗਿੰਦਰ ਸਿੰਘ ਜਿੰਦੂ ਸਾਬਕਾ ਐਮ.ਐਲ.ਏ., ਵਰਦੇਵ ਸਿੰਘ ਨੋਨੀ ਮਾਨ, ਮਾਸਟਰ ਗੁਰਨਾਮ ਸਿੰਘ, ਰੁਪਿੰਦਰ ਸਿੰਘ ਮੋਨੂੰ, ਕਾਰਜ ਸਿੰਘ ਆਹਲਾ, ਕੁਲਦੀਪ ਸਿੰਘ ਬੰਬ ਜ਼ੀਰਾ, ਕੈਪਟਨ ਸਵਰਨ ਸਿੰਘ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।