ਭਾਜਪਾ ਨਾਲ ਗਠਜੋੜ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਬਿਆਨ, ਬਸਪਾ ਬਾਰੇ ਵੀ ਕਹੀ ਇਹ ਗੱਲ

05/22/2023 10:47:46 PM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹੈਰਾਨੀ ਪ੍ਰਗਟ ਕੀਤੀ ਕਿ ਭਾਰਤੀ ਜਨਤਾ ਪਾਰਟੀ ਵਾਰ-ਵਾਰ ਇਹ ਗੱਲ ਕਿਉਂ ਆਖ ਰਹੀ ਹੈ ਕਿ ਉਹ ਆਪਣੇ ਪੁਰਾਣੇ ਭਾਈਵਾਲ ਨਾਲ ਗਠਜੋੜ ਨਹੀਂ ਕਰੇਗੀ, ਜਦੋਂ ਕਿ ਅਕਾਲੀ ਦਲ ਨੇ ਗਠਜੋੜ ਲਈ ਅਜਿਹੀ ਕੋਈ ਇੱਛਾ ਪ੍ਰਗਟ ਹੀ ਨਹੀਂ ਕੀਤੀ।

ਇਹ ਵੀ ਪੜ੍ਹੋ : WhatsApp ਲਿਆਇਆ ਇਕ ਹੋਰ ਸ਼ਾਨਦਾਰ ਫੀਚਰ, Messages ਭੇਜਣ ਤੋਂ ਬਾਅਦ ਕਰ ਸਕੋਗੇ Edit

ਇਸ ਮਾਮਲੇ ’ਤੇ ਭਾਜਪਾ ਵੱਲੋਂ ਵਾਰ-ਵਾਰ ਬਿਆਨ ਦੇਣ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ 'ਚ ਬਸਪਾ ਨਾਲ ਗਠਜੋੜ ਹੈ। ਇਹ ਗਠਜੋੜ ਚੰਗਾ ਚੱਲ ਰਿਹਾ ਹੈ ਤੇ ਭਾਜਪਾ ਸਮੇਤ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਨ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਭਾਜਪਾ ਨਾਲ ਭਵਿੱਖ 'ਚ ਗਠਜੋੜ ਕਰਨ ਦੀ ਗੱਲ ਨਹੀਂ ਕੀਤੀ ਤੇ ਭਾਜਪਾ ਨੂੰ ਰੋਜ਼ਾਨਾ ਆਧਾਰ ’ਤੇ ਇਸ ਬਾਰੇ ਕਿਆਸ-ਅਰਾਈਆਂ ਲਗਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਤਰੁਣ ਚੁੱਘ ਨੇ '84 ਦੰਗਿਆਂ ਦੇ ਕੇਸ 'ਚ ਟਾਈਟਲਰ ਵਿਰੁੱਧ CBI ਦੀ ਚਾਰਜਸ਼ੀਟ ਦਾ ਕੀਤਾ ਸਵਾਗਤ

ਗਰੇਵਾਲ ਨੇ ਭਾਜਪਾ ਨੂੰ ਇਹ ਵੀ ਚੇਤੇ ਕਰਵਾਇਆ ਕਿ ਅਕਾਲੀ ਦਲ ਨੇ ਉਸ ਨਾਲ ਗਠਜੋੜ ਸਿਧਾਂਤਾਂ ਦੇ ਆਧਾਰ ’ਤੇ ਤੋੜਿਆ ਸੀ। ਇਨ੍ਹਾਂ 'ਚ ਖੇਤੀਬਾੜੀ ਕਾਨੂੰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਸਥਾਪਤ ਕਰਨਾ ਅਤੇ ਸ਼੍ਰੋਮਣੀ ਕਮੇਟੀ ਚੋਣਾਂ 'ਚ ਦਖਲ ਦੇਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਵੀ ਭੱਜ ਗਈ। ਇਸ ਕਾਰਨ ਸਿੱਖ ਕੌਮ ਵਿੱਚ ਬਹੁਤ ਰੋਸ ਹੈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਆਦਮਪੁਰ ਹਲਕੇ ਲਈ 29 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ 'ਚ ਕੌਮਾਂਤਰੀ ਸਰਹੱਦ ਤੋਂ ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ) ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕਰਕੇ ਸੰਘੀ ਢਾਂਚੇ ਦਾ ਨੁਕਸਾਨ ਕੀਤਾ ਤੇ ਬੀਬੀਐੱਮਬੀ 'ਚ ਪੰਜਾਬ ਦੇ ਮੈਂਬਰਾਂ ਦੀ ਨਿਯੁਕਤੀ ਅਣਡਿੱਠ ਕਰਕੇ ਅਤੇ ਪੰਜਾਬੀ ਨੂੰ ਸੀਬੀਐੱਸਈ 'ਚ ਮਾਈਨਰ ਵਿਸ਼ਾ ਬਣਾ ਕੇ ਅਤੇ ਸੂਬੇ ਦੀ ਕਾਨੂੰਨ ਵਿਵਸਥਾ 'ਚ ਦਖਲ ਦੇ ਕੇ ਵੀ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News