ਅਕਾਲੀ ਦਲ ਨੂੰ ਸੁਖਬੀਰ ਬਾਦਲ ਦੀ ਮਜ਼ਬੂਤ ਤੇ ਦੂਰਅੰਦੇਸ਼ੀ ਸੋਚ ਵਾਲੀ ਲੀਡਰਸ਼ਿਪ ’ਤੇ ਮਾਣ : ਕੋਰ ਕਮੇਟੀ
Monday, Mar 14, 2022 - 09:56 PM (IST)
ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦ੍ਰਿੜ੍ਹ ਅਤੇ ਦੂਰਅੰਦੇਸ਼ੀ ਸੋਚ ਵਾਲੀ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ। ਕੋਰ ਕਮੇਟੀ ਮੀਟਿੰਗ ’ਚ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਕੋਰ ਕਮੇਟੀ ਨੂੰ ਪਾਰਟੀ ਪ੍ਰਧਾਨ ਦੀ ਦਲੇਰੀ, ਨਿਰਸਵਾਰਥ ਅਤੇ ਅਣਥੱਕ ਤਰੀਕੇ ਨਾਲ ਮਿਹਨਤ ਕਰਨ ’ਤੇ ਮਾਣ ਹੈ, ਜਿਸ ਸਦਕਾ ਪਾਰਟੀ ਪ੍ਰਧਾਨ ਨੇ ਪੰਜਾਬ ਵਿਧਾਨ ਸਭਾ ਲਈ ਹਾਲ ਹੀ ਵਿਚ ਖਤਮ ਹੋਈਆਂ ਚੋਣਾਂ ਲਈ ਛੇ ਮਹੀਨੇ ਲੰਬੀ ਮੁਹਿੰਮ ’ਚ ਸਹੀ ਅਰਥਾਂ ਵਿਚ ਪੰਥਕ ਰਵਾਇਤਾਂ ਮੁਤਾਬਕ ਪਾਰਟੀ ਦੀ ਅਗਵਾਈ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਅਤੇ ਖਾਲਸਾ ਪੰਥ ਦੀਆਂ ਮਾਣ ਮੱਤੀਆਂ ਰਵਾਇਤਾਂ ਤੇ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖੇਗੀ।
ਇਹ ਵੀ ਪੜ੍ਹੋ : ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਮਾਰੀਆਂ ਗੋਲੀਆਂ, ਮੌਤ (ਵੀਡੀਓ)
ਪਾਰਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੀ. ਬੀ. ਐੱਮ. ਬੀ. ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੇ ਵਾਜਬ ਹੱਕਾਂ ਵਿਚ ਦਖਲਅੰਦਾਜ਼ੀ ਨਾ ਕਰੇ, ਜਦੋਂ ਤੱਕ ਇਹ ਸ਼ਹਿਰ ਸੰਸਦ ਅਤੇ ਸਾਡੇ ਚਾਰ ਵੱਖ-ਵੱਖ ਪ੍ਰਧਾਨ ਮੰਤਰੀਆਂ ਦੇ ਵਾਅਦੇ ਮੁਤਾਬਕ ਪੰਜਾਬ ਨੂੰ ਨਹੀਂ ਦੇ ਦਿੱਤਾ ਜਾਂਦਾ। ਅੱਜ ਦੀ ਮੀਟਿੰਗ ਦੀ ਸ਼ੁਰੂਆਤ ਪਵਿੱਤਰ ਮੂਲ ਮੰਤਰ ਨਾਲ ਹੋਈ, ਜਿਸ ਮਗਰੋਂ ਹਾਲ ਹੀ ’ਚ ਖ਼ਤਮ ਹੋਈਆਂ ਪੰਜਾਬ ਚੋਣਾਂ ’ਚ ਪੰਜਾਬ ਦੇ ਲੋਕਾਂ ਦੇ ਫ਼ਤਵੇ ਅੱਗੇ ਸੀਸ ਨਿਵਾਇਆ ਗਿਆ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਪਾਰਟੀ ਨੇ ਕਿਹਾ ਕਿ ਉਸ ਨੂੰ ਇਸ ਸਾਰੀ ਮੁਹਿੰਮ ਦੌਰਾਨ ਪਾਰਟੀ ਦੇ ਆਗੂਆਂ, ਉਮੀਦਵਾਰਾਂ ਤੇ ਵਰਕਰਾਂ ਵੱਲੋਂ ਕੀਤੀ ਅਣਥੱਕ ਮਿਹਨਤ ’ਤੇ ਮਾਣ ਹੈ। ਇਕ ਹੋਰ ਮਤੇ ਰਾਹੀਂ ਮੀਟਿੰਗ ’ਚ ਉਨ੍ਹਾਂ ਲੱਖਾਂ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਉਸ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾ ਕੇ ਪਾਰਟੀ ’ਤੇ ਵਿਸ਼ਵਾਸ ਪ੍ਰਗਟ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਟਾਂਡਾ ਉੜਮੁੜ ’ਚ ਹੋਏ ਗਊ ਕਤਲਕਾਂਡ ’ਚ 7 ਮੁਲਜ਼ਮ ਗ੍ਰਿਫ਼ਤਾਰ
ਮੀਟਿੰਗ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਚੋਣ ਫਤਵੇ ਦਾ ਵਿਸ਼ਲੇਸ਼ਣ ਕਰਨ ਵਾਸਤੇ ਵਿਚਾਰ ਵਟਾਂਦਰਾ ਕੱਲ੍ਹ ਹੋਵੇਗਾ, ਜਦੋਂ ਸੀਨੀਅਰ ਆਗੂ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਨਾਲ ਚੋਣ ਨਤੀਜਿਆਂ ਬਾਰੇ ਵਿਸਥਾਰ ਵਿਚ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਗਰੋਂ ਆਉਂਦੇ ਦਿਨਾਂ ਵਿਚ ਹੋਰ ਸੀਨੀਅਰ ਆਗੂਆਂ ਦੀਆਂ ਮੀਟਿੰਗਾਂ ਹੋਣਗੀਆਂ ਤੇ ਪਾਰਟੀ ਪ੍ਰਧਾਨ ਵੱਲੋਂ ਕੱਲ੍ਹ ਚੋਣਾਂ ਦੇ ਨਤੀਜਿਆਂ ਬਾਰੇ ਸੀਨੀਅਰ ਆਗੂਆਂ ਨਾਲ ਘੋਖ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ‘ਮੈਗਾ ਰੋਡ ਸ਼ੋਅ’ ’ਚ ਭਗਵੰਤ ਮਾਨ ਦਾ ਵੱਡਾ ਬਿਆਨ, ਵੱਡੇ-ਵੱਡੇ ਲੀਡਰ ਹਾਰੇ ਨਹੀਂ ਸਗੋਂ ਪੰਜਾਬ ਦੇ ਲੋਕ ਜਿੱਤੇ
ਇਸ ਮੀਟਿੰਗ ਮਗਰੋਂ 16 ਮਾਰਚ ਨੂੰ ਦੁਪਹਿਰ ਬਾਅਦ 2.00 ਵਜੇ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਹੋਵੇਗੀ। ਇਨ੍ਹਾਂ ਚੋਣਾਂ ’ਚ ਪਾਰਟੀ ਦੇ ਉਮੀਦਵਾਰਾਂ ਨਾਲ ਪਾਰਟੀ ਪ੍ਰਧਾਨ ਦੀ ਮੀਟਿੰਗ 17 ਮਾਰਚ ਨੂੰ ਦੁਪਹਿਰ ਬਾਅਦ 2.00 ਵਜੇ ਹੋਵੇਗੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਉਮੀਦਵਾਰਾਂ ਨੂੰ ਆਖਿਆ ਕਿ ਉਹ ਚੰਡੀਗੜ੍ਹ ਦੀ ਮੀਟਿੰਗ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਵਾਸਤੇ ਹਲਕਿਆਂ ’ਚ ਮੀਟਿੰਗਾਂ ਕਰਨੀਆਂ ਸ਼ੁਰੂ ਕਰਨ।
ਅੱਜ ਪਾਸ ਕੀਤੇ ਮਤੇ
ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਇਹ ਇਕੱਤਰਤਾ ਪੰਜਾਬ ’ਚ ਹੁਣੇ ਹੋਈਆਂ ਚੋਣਾਂ ’ਚ ਪੰਜਾਬੀਆਂ ਵੱਲੋਂ ਦਿੱਤੇ ਫ਼ਤਵੇ ਅੱਗੇ ਪੂਰੀ ਨਿਮਰਤਾ ਨਾਲ ਸੀਸ ਨਿਵਾਉਂਦੀ ਹੈ ਅਤੇ ਇਸ ਫ਼ਤਵੇ ਨੂੰ ਸੱਚੇ ਮਨੋਂ ਸਵੀਕਾਰ ਕਰਦੀ ਹੈ।
ਇਹ ਇਕੱਤਰਤਾ ਪਾਰਟੀ ਦੇ ਸਮੂਹ ਲੀਡਰ ਸਾਹਿਬਾਨ, ਉਮੀਦਵਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਵੱਲੋਂ ਦਿਨ-ਰਾਤ ਇਕ ਕੀਤੀ ਸਿਰਤੋੜ ਮਿਹਨਤ ਅਤੇ ਇਨ੍ਹਾਂ ਵੱਲੋਂ ਵਿਖਾਏ ਪੰਥਕ ਜਜ਼ਬੇ ਦੀ ਭਰਪੂਰ ਪ੍ਰਸ਼ੰਸਾ ਕਰਦੀ ਹੈ ਅਤੇ ਉਨ੍ਹਾਂ ’ਤੇ ਫਖ਼ਰ ਮਹਿਸੂਸ ਕਰਦੀ ਹੈ।
ਇਹ ਇਕੱਤਰਤਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਦਿੱਤੀ ਜਾ ਰਹੀ ਮਜ਼ਬੂਤ, ਸਪੱਸ਼ਟ ਅਤੇ ਦੂਰਅੰਦੇਸ਼ੀ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੀ ਹੈ।
ਇਹ ਇਕੱਤਰਤਾ ਉਨ੍ਹਾਂ ਦੀ ਅਗਵਾਈ ਵਿਚ ਭਰਪੂਰ ਵਿਸ਼ਵਾਸ ਦਾ ਪ੍ਰਗਟਾਵਾ ਕਰਦੀ ਹੈ। ਸੁਖਬੀਰ ਸਿੰਘ ਬਾਦਲ ਮਹਾਨ ਪੰਥਕ ਰਵਾਇਤਾਂ ਅਤੇ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੇ ਹੋਏ ਜਿਸ ਜ਼ਜ਼ਬੇ ਨਾਲ ਪਾਰਟੀ ਦੀ ਅਗਵਾਈ ਕਰ ਰਹੇ ਹਨ, ਇਹ ਇਕੱਤਰਤਾ ਉਸ ’ਤੇ ਫਖ਼ਰ ਮਹਿਸੂਸ ਕਰਦੀ ਹੈ।
ਪਾਰਟੀ ਉਨ੍ਹਾਂ ਲੱਖਾਂ ਪੰਜਾਬੀਆਂ, ਪੰਥ ਦਰਦੀਆਂ ਦਾ ਦਿਲੋਂ ਧੰਨਵਾਦੀ ਕਰਦੀ ਹੈ, ਜਿਨ੍ਹਾਂ ਨੇ ਪਾਰਟੀ ’ਚ ਭਰਪੂਰ ਵਿਸ਼ਵਾਸ ਪ੍ਰਗਟ ਕਰ ਕੇ ਵੋਟਾਂ ਪਾਈਆਂ। ਪਾਰਟੀ ਅੱਗੇ ਵੀ ਉਨ੍ਹਾਂ ਦੀਆਂ ਆਸਾਂ ਉਮੀਦਾਂ ’ਤੇ ਪੂਰਾ ਉਤਰਨ ਲਈ ਸੱਚੇ ਮਨੋਂ ਯਤਨਸ਼ੀਲ ਰਹੇਗੀ।