ਮੋਗਾ 'ਚ ਫੁੱਟਿਆ ਅਕਾਲੀ ਦਲ ਦਾ ਗੁੱਸਾ, ਜੰਮ ਕੇ ਕੀਤੀ ਨਾਅਰੇਬਾਜ਼ੀ
Tuesday, Jul 07, 2020 - 01:26 PM (IST)
ਮੋਗਾ (ਗੋਪੀ, ਸਤੀਸ਼, ਵਿਪਨ) : ਪੂਰੇ ਪੰਜਾਬ 'ਚ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੋਗਾ ਵਿਖੇ ਕੀਤੇ ਜਾ ਰਹੇ ਇਸ ਪ੍ਰਦਰਸ਼ਨ 'ਚ ਅਕਾਲੀ ਦਲ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ 'ਤੇ ਲੱਗੇ ਵੈਟ ਨੂੰ ਘੱਟ ਕਰੇ ਅਤੇ ਰਾਸ਼ਨ ਵੰਡ 'ਚ ਹੋਏ ਘੋਟਾਲੇ ਦੀ ਵੀ ਜਾਂਚ ਕਰਵਾਈ ਜਾਵੇ। ਧਰਨੇ 'ਚ ਸ਼ਾਮਲ ਹੋਏ ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਲਗਾਤਾਰ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਜਿੱਥੇ ਆਮ ਲੋਕਾਂ ਦੀ ਜੇਬ 'ਤੇ ਆਰਥਿਕ ਬੋਝ ਪੈ ਰਿਹਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਕੂਲ ਫੀਸਾਂ ਨੂੰ ਲੈ ਕੇ ਜੋ ਫੈਸਲਾ ਆਇਆ ਸੀ, ਉਸ 'ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਨੂੰ ਮਾਲੀ ਸਹਾਇਤਾ ਦੇ ਕੇ ਉਨ੍ਹਾਂ ਦੀ ਮਦਦ ਕਰੇ ਤਾਂ ਜੋ ਬੱਚਿਆਂ ਦੇ ਮਾਪਿਆਂ 'ਤੇ ਬੋਝ ਨਾ ਪਵੇ।
ਧਰਮਕੋਟ ਵਿਖੇ ਹੋ ਰਹੇ ਪ੍ਰਦਰਸ਼ਨ ਦੌਰਾਨ ਰਾਜਿੰਦਰ ਸਿੰਘ ਡੱਲਾ ਪੀ. ਏ. ਜੱਥੇਦਾਰ ਤੋਤਾ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਜਿਸ ਦੀ ਨੀਅਤ ਅਤੇ ਨੀਤੀ ਦੋਹਾਂ 'ਚ ਖੋਟ ਹੈ, ਇਸ ਸਰਕਾਰ ਨੇ ਪੰਜਾਬ ਦੇ ਕਿਸੇ ਵੀ ਵਰਗ ਨੂੰ ਕੋਈ ਵੀ ਸਹੂਲਤ ਅਤੇ ਰਾਹਤ ਪ੍ਰਦਾਨ ਨਹੀਂ ਕੀਤੀ, ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਦਿੱਤੀਆਂ ਗਈਆਂ ਸਹੂਲਤਾਂ ਅਤੇ ਰਾਹਤਾਂ ਨੂੰ ਬੰਦ ਕਰ ਦਿੱਤਾ। ਡੱਲ ਨੇ ਕਿਹਾ ਕਿ ਧਰਮਕੋਟ ਹਲਕੇ ਅੰਦਰ ਜੱਥੇਦਾਰ ਤੋਤਾ ਸਿੰਘ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀਆਂ ਗੱਲਾਂ ਪਿੰਡਾਂ ਦੀਆਂ ਸੱਥਾਂ 'ਚ ਚੱਲ ਰਹੀਆਂ ਹਨ, ਜਦੋਂ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਧਰਮਕੋਟ ਹਲਕੇ ਦਾ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ। ਇਸ ਸਰਕਾਰ ਨੇ ਨਾ ਹੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਅਤੇ ਨਾ ਹੀ ਕਿਸੇ ਹੋਰ ਨੂੰ ਕੋਈ ਸਹੂਲਤ ਮੁਹੱਈਆ ਕਰਵਾਈ ਹੈ।
ਬਾਘਾਪੁਰਾਣਾ 'ਚ ਜੱਥੇਦਾਰ ਤੀਰਥ ਸਿੰਘ ਦੀ ਅਗਵਾਈ 'ਚ ਲੱਗਿਆ ਧਰਨਾ
ਬਾਘਾਪੁਰਾਣਾ (ਅਜੇ ਗਰਗ) : ਪਾਰਟੀ ਹਾਈ ਕਮਾਂਡ ਦੇ ਸੱਦੇ 'ਤੇ ਬਾਘਾਪੁਰਾਣਾ ਵਿਖੇ ਮੇਨ ਚੌਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਮੌਕੇ ਤੀਰਥ ਮਾਹਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ 'ਤੇ ਦੂਜੇ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਸੈੱਸ ਲਗਾਇਆ ਹੋਇਆ ਹੈ, ਜਿਸ ਕਰਕੇ ਦੂਸਰੇ ਸੂਬਿਆਂ ਦੇ ਮੁਕਾਬਲੇ 'ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵੱਧ ਹਨ। ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਸੂਬੇ ਭਰ 'ਚ ਕਾਂਗਰਸ ਸਰਕਾਰ ਨੇ ਜਾਇਜ਼ ਲਾਭਪਾਤਰੀਆਂ ਦੇ ਨੀਲੇ ਕਾਰਡ ਕੱਟ ਕੇ ਲੋਕਾਂ ਨਾਲ ਧੱਕਾ ਕੀਤਾ, ਜੋ ਕਿ ਗਲਤ ਹੈ।