ਵਿਧਾਨ ਸਭਾ ਬਾਹਰ ਅਕਾਲੀਆਂ ਦਾ ਜ਼ਬਰਦਸਤ ਹੰਗਾਮਾ, ਦੀਪ ਸਿੱਧੂ ਮੁੱਦੇ ''ਤੇ ਮਜੀਠੀਆ ਨੇ ਫਿਰ ਕਹੀ ਇਹ ਗੱਲ
Wednesday, Mar 03, 2021 - 11:32 AM (IST)
ਚੰਡੀਗੜ੍ਹ (ਰਮਨਜੀਤ) : ਬਜਟ ਇਜਲਾਸ ਦੇ ਤੀਜੇ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਾਲ-2017 ਦੌਰਾਨ ਕਾਂਗਰਸ ਦੀ ਸਰਕਾਰ ਬਣਨ 'ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿੰਨੀਆਂ ਕੈਬਨਿਟ ਬੈਠਕਾਂ ਲੰਘ ਗਈਆਂ ਪਰ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 24 ਘੰਟਿਆਂ ਦੌਰਾਨ ਹਨ੍ਹੇਰੀ ਰੂਪੀ ਚੱਲਣਗੀਆਂ ਤੇਜ਼ ਹਵਾਵਾਂ, ਵਿਸ਼ੇਸ਼ ਬੁਲੇਟਿਨ ਜਾਰੀ
ਇਸ ਦੌਰਾਨ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਅਕਾਲੀ ਵਿਧਾਇਕ ਵਿਧਾਨ ਸਭਾ ਅੰਦਰ ਪਹੁੰਚੇ। ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਦੇ ਸਾਰੇ ਟੀ. ਏ., ਡੀ. ਏ. ਦਾ ਹਜ਼ਾਰਾਂ ਕਰੋੜਾਂ ਰੁਪਿਆ ਖਾ ਗਈ, ਜੋ ਕਿ ਮੁਲਾਜ਼ਮਾਂ ਨਾਲ ਸ਼ਰੇਆਮ ਧੱਕਾ ਹੈ।
26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਵਾਪਰੀ ਹਿੰਸਾ ਦੇ ਮੁੱਖ ਮੁਲਜ਼ਮ ਵੱਜੋਂ ਮੰਨੇ ਜਾਂਦੇ ਦੀਪ ਸਿੱਧੂ ਦੇ ਮਾਮਲੇ ’ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਜਿਹੜੇ ਬੇਕਸੂਰ ਅਤੇ ਸਧਾਰਨ ਨੌਜਵਾਨਾਂ 'ਤੇ ਗੁੰਮਰਾਹ ਕਰਕੇ 307 ਦਾ ਪਰਚਾ ਦਰਜ ਕੀਤਾ ਗਿਆ ਹੈ, ਉਨ੍ਹਾਂ ਲਈ ਅਕਾਲੀ ਦਲ ਕਾਨੂੰਨੀ ਲੜਾਈ ਜ਼ਰੂਰ ਲੜੇਗਾ ਪਰ ਦੀਪ ਸਿੱਧੂ ਖ਼ਿਲਾਫ਼ ਤਾਂ ਪੰਜਾਬ ਦਾ ਹਰ ਵਰਗ ਅਤੇ ਸਾਰੀਆਂ ਕਿਸਾਨ ਜੱਥੇਬੰਦੀਆਂ ਹਨ, ਫਿਰ ਅਜਿਹੇ 'ਚ ਅਕਾਲੀ ਦਲ ਦੀਪ ਸਿੱਧੂ ਦੀ ਕਿਵੇਂ ਹਮਾਇਤ ਕਰ ਸਕਦਾ ਹੈ।
ਨੋਟ : ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਦਿਓ ਰਾਏ