ਢੀਂਡਸਿਆਂ ਤੋਂ ਡਰੇ ਅਕਾਲੀ ਦਲ ਬਾਦਲ ਨੂੰ ਹੁਣ ਪੰਚਾਂ-ਸਰਪੰਚਾਂ ਦੀ ਓਟ!

Saturday, Mar 07, 2020 - 04:39 PM (IST)

ਜਲੰਧਰ (ਗੁਰਮਿੰਦਰ ਸਿੰਘ) : ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਢੀਂਡਸਾ ਧੜੇ 'ਚ ਜਾਣ ਦੇ ਚਰਚਿਆਂ ਤੋਂ ਅਕਾਲੀ ਦਲ ਦੀ ਘਬਰਾਹਟ ਵੱਧਦੀ ਨਜ਼ਰ ਆ ਰਹੀ ਹੈ। ਇਸ ਗੱਲ ਦੀ ਪੁਸ਼ਟੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਵਲੋਂ ਪਾਰਟੀ ਦੇ ਪੇਜ 'ਤੇ ਪਾਈ ਗਈ ਪੋਸਟ ਕਰਦੀ ਹੈ ਜਿਸ ਵਿਚ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਕੁਝ ਪੰਚਾਂ-ਸਰਪੰਚਾਂ ਨਾਲ ਮੁਲਾਕਾਤ ਕਰਦੇ ਹਨ। ਹਾਲਾਂਕਿ ਬਾਅਦ ਵਿਚ ਅਕਾਲੀ ਦਲ ਦੇ ਪੇਜ ਤੋਂ ਇਹ ਪੋਸਟ ਡਿਲੀਟ ਕਰ ਦਿੱਤੀ ਗਈ।

ਤਸਵੀਰ ਮੁਤਾਬਕ 20 ਪਿੰਡਾਂ ਦੇ ਪੰਚਾਂ-ਸਰਪੰਚਾਂ ਵਲੋਂ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਅਸਲ ਵਿਚ ਸਣੇ ਸਕਿਓਇਰਟੀ ਗਾਰਡ ਕੁੱਲ 18 ਲੋਕ ਖੜ੍ਹੇ ਹਨ। ਜੇਕਰ ਦੇਖਿਆ ਜਾਵੇ ਤਾਂ ਦਾਅਵੇ ਮੁਤਾਬਕ 20 ਪਿੰਡਾਂ ਦੇ ਪੰਚਾਂ-ਸਰਪੰਚਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਬਣਦੀ ਹੈ। ਦੂਸਰਾ ਪੱਖ ਇਹ ਵੀ ਹੈ ਕਿ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਜ਼ਮੀਨ ਨਾਲ ਜੁੜੇ ਹੋਏ ਸਿਆਸਤਦਾਨ ਮੰਨੇ ਜਾਂਦੇ ਹਨ ਪਰ ਉਨ੍ਹਾਂ ਦੀ ਸਰਪੰਚਾਂ ਨਾਲ ਮੁਲਾਕਾਤ ਨੂੰ ਸੋਸ਼ਲ  ਮੀਡੀਆ 'ਤੇ ਇਕ ਤਾਕਤ ਦੇ ਰੂਪ ਵਿਚ ਪੇਸ਼ ਕਰਨਾ ਜਿੱਥੇ ਅਕਾਲੀ ਦਲ ਦੀ ਘਬਰਾਹਟ ਦਾ ਸਬੂਤ ਦਿੰਦਾ ਹੈ, ਉਥੇ ਹੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਕੱਦ ਨੂੰ ਵੀ ਢਾਹ ਲਾਉਣ ਵਾਲੀ ਗੱਲ ਹੈ। 

ਗੌਰਤਲਬ ਹੈ ਕਿ ਢੀਂਡਸਿਆਂ ਦੀ ਬਗਾਵਤ ਤੋਂ ਬਾਅਦ ਅਕਾਲੀ ਦਲ ਨੂੰ ਤੁਰੰਤ ਸੰਗਰੂਰ ਦੀ ਸਿਆਸੀ ਜ਼ਮੀਨ ਸੰਭਾਲਣ ਲਈ ਰੈਲੀ ਕਰਨੀ ਪਈ ਸੀ, ਜਿੱਥੇ ਖੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੱਲ ਕੇ ਗਏ ਸਨ। ਅਜਿਹਾ ਪਹਿਲੀ ਵਾਰ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਢੀਂਡਸਿਆਂ ਖਿਲਾਫ ਖੁੱਲ੍ਹ ਕੇ ਬੋਲਣਾ ਪਿਆ ਅਤੇ ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਬਾਰੇ ਸਿਫਤਾਂ ਦੇ ਪੁਲ ਬੰਨੇ ਸਨ।


Gurminder Singh

Content Editor

Related News