ਰਾਜੋਆਣਾ ਮਾਮਲੇ ’ਤੇ ਸਿਆਸਤ ਕਰ ਰਿਹੈ ਅਕਾਲੀ ਦਲ : ਰੰਧਾਵਾ

Tuesday, Jan 12, 2021 - 12:08 AM (IST)

ਰਾਜੋਆਣਾ ਮਾਮਲੇ ’ਤੇ ਸਿਆਸਤ ਕਰ ਰਿਹੈ ਅਕਾਲੀ ਦਲ : ਰੰਧਾਵਾ

ਚੰਡੀਗੜ੍ਹ, (ਅਸ਼ਵਨੀ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਮੁੱਦੇ ’ਤੇ ਸਿਆਸਤ ਕਰ ਰਿਹਾ ਹੈ। ਸੁਖਬੀਰ ਵਲੋਂ ਰਾਸ਼ਟਰਪਤੀ ਨੂੰ ਰਾਜੋਆਣਾ ਨੂੰ ਮੁਆਫ਼ੀ ਤੇ ਰਿਹਾਅ ਕਰਨ ਦੀ ਅਪੀਲ ’ਤੇ ਪ੍ਰਤਿਕਿਰਿਆ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਸੁਖਬੀਰ ਨੇ ਇਹ ਮੰਗ ਉਦੋਂ ਕਿਉਂ ਨਹੀਂ ਕੀਤੀ, ਜਦੋਂ ਉਨ੍ਹਾਂ ਦੀ ਪਾਰਟੀ ਕੇਂਦਰ ਦੀ ਐੱਨ. ਡੀ. ਏ. ਸਰਕਾਰ ਵਿਚ ਭਾਈਵਾਲ ਸੀ। ਹੁਣ ਅਕਾਲੀ ਦਲ ਕੇਂਦਰ ਦੀ ਸੱਤਾ ਵਿਚੋਂ ਬਾਹਰ ਹੈ ਅਤੇ ਸਿਆਸੀ ਲਾਹਾ ਖੱਟਣ ਲਈ ਰਾਜੋਆਣਾ ਦਾ ਮਾਮਲਾ ਉਠਾ ਰਿਹਾ ਹੈ।

ਜੇਲ ਮੰਤਰੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਅੱਗੇ ਤਜਵੀਜ਼ ਰੱਖੀ ਸੀ ਕਿ ਵੱਖ-ਵੱਖ ਜੇਲਾਂ ਵਿਚ ਬੰਦ ਅਜਿਹੇ ਕੈਦੀਆਂ ਨੂੰ ਛੱਡਿਆ ਜਾਵੇ, ਜਿਨ੍ਹਾਂ ਨੇ ਆਪਣੀ ਸਜ਼ਾ ਤੋਂ ਵੱਧ ਕੈਦ ਕੱਟ ਲਈ ਹੈ। ਉਨ੍ਹਾਂ ਪੁੱਛਿਆ ਕਿ “ਹਰਸਿਮਰਤ ਕੌਰ ਬਾਦਲ ਜੋ ਉਸ ਵੇਲੇ ਕੇਂਦਰੀ ਮੰਤਰੀ ਸਨ, ਨੇ ਸਰਕਾਰ ਕੋਲ ਇਹ ਮੰਗ ਰੱਖਦਿਆਂ ਰਿਹਾਈ ਲਈ ਮਦਦ ਕਿਉਂ ਨਹੀਂ ਕੀਤੀ ਸੀ?” ਰੰਧਾਵਾ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਉਸ ਨੇ ਰਿਹਾਈ ਦਾ ਮੁੱਦਾ ਆਪਣੇ ਡੇਢ ਸਾਲ ਦੇ ਲੋਕ ਸਭਾ ਮੈਂਬਰ ਦੇ ਕਾਰਜਕਾਲ ਦੌਰਾਨ ਕਿਉਂ ਨਹੀਂ ਚੁੱਕਿਆ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਪੰਜਾਬ ਫੇਰੀ ਮੌਕੇ ਵੀ ਕਿਉਂ ਨਹੀਂ ਇਹ ਮਾਮਲਾ ਉਠਾਇਆ।


author

Bharat Thapa

Content Editor

Related News