ਅਕਾਲੀ ਦਲ ਇਕ ਪਾਰਟੀ ਨਹੀਂ, ਸੋਚ ਤੇ ਜਜ਼ਬਾ : ਸਿਰਸਾ
Tuesday, Dec 15, 2020 - 03:46 PM (IST)
ਜਲੰਧਰ/ਨਵੀਂ ਦਿੱਲੀ (ਚਾਵਲਾ) : ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵਲੋਂ ਪਾਰਟੀ ਦੇ 100 ਸਾਲਾ ਸਥਾਪਨਾ ਦਿਵਸ ਦੇ ਮੌਕੇ 'ਤੇ ਪਾਰਟੀ ਦਫਤਰ 'ਚ ਸਮਾਗਮ ਆਯੋਜਿਤ ਕੀਤਾ ਗਿਆ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਆਮ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਹੋਈ। ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵਲੋਂ ਸੁਖਮਨੀ ਸਾਹਿਬ ਦਾ ਪਾਠ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਭਾਈ ਮਨੋਹਰ ਸਿੰਘ ਦੇ ਜੱਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪਾਰਟੀ ਨਹੀਂ ਸਗੋਂ ਇਕ ਸੋਚ ਅਤੇ ਇਕ ਜਜ਼ਬਾ ਹੈ। ਉਨ੍ਹਾਂ ਕਿਹਾ ਕਿ ਇਸੇ ਸੋਚ ਅਤੇ ਜਜ਼ਬੇ ਦੀ ਬਦੌਲਤ ਹੀ ਅੱਜ ਹਿੰਦੁਸਤਾਨ ਦਾ ਮੌਜੂਦਾ ਸਰੂਪ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਤੱਥਾਂ ਨੂੰ ਦੇਖਦਿਆਂ ਸਮੁੱਚੇ ਦੇਸ਼ ਨੂੰ ਹੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਗੁਰੂ ਨਗਰੀ ਦੀਆਂ ਸੰਗਤਾਂ ਵੀ ਕਿਸਾਨਾਂ ਦੇ ਹੱਕ 'ਚ ਡਟੀਆਂ
ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਕਾਲੀ ਦਲ ਨੇ ਕੌਮ ਦੀ ਰਾਖੀ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਨਕਾਣਾ ਸਾਹਿਬ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਗੁਰੂ ਦਾ ਬਾਗ ਤੇ ਜੈਤੋਂ ਦਾ ਮੋਰਚਾ ਆਦਿ ਲਗਾ ਕੇ ਤੇ ਐਮਰਜੈਂਸੀ ਦਾ ਵਿਰੋਧ ਕਰ ਕੇ ਕੌਮ ਤੇ ਦੇਸ਼ ਦੀ ਰਾਖੀ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਕੁਰਬਾਨੀਆਂ 'ਚ ਇਹ ਵੀ ਇਕ ਮਿਸਾਲ ਹੈ ਕਿ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੁਸਤਾਨ ਦੇ ਇਤਿਹਾਸ 'ਚ 18 ਸਾਲ ਜੇਲ ਕੱਟੀ ਪਰ ਕਦੇ ਵੀ ਜ਼ਮਾਨਤ ਨਹੀਂ ਲਈ। ਸਮਾਗਮ ਨੂੰ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸਲੀ ਅਕਾਲੀ ਦਲ ਉਹੀ ਹੈ ਜਿਸ ਤੋਂ ਗੋਰੋ ਵੀ ਖੌਫ਼ ਰੱਖਦੇ ਹਨ ਅੱਜ ਜੇਕਰ ਦੇਸ਼ ਦੇ ਲੋਕ ਆਜ਼ਾਦੀ ਦਾ ਸੁੱਖ ਮਾਣ ਰਹੇ ਹਨ ਤਾਂ ਉਸ ਵਿਚ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਹੈ। ਇਸ ਮੌਕੇ ਆਪਣੇ ਸੰਬੋਧਨ 'ਚ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਅਕਾਲੀ ਦਲ ਹੀ ਇਕ ਅਜਿਹੀ ਧਾਰਮਿਕ ਪਾਰਟੀ ਹੈ ਜਿਸਨੇ ਬੀਬੀਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬਣਾਇਆ।
ਇਹ ਵੀ ਪੜ੍ਹੋ :ਕੈਪਟਨ ਦੇ ਪੱਖ 'ਚ ਆਏ ਕਾਂਗਰਸੀ ਸਾਂਸਦ, ਕਿਸਾਨ ਅੰਦੋਲਨ 'ਚ ਕੇਜਰੀਵਾਲ 'ਤੇ ਮੜ੍ਹੇ ਵੱਡੇ ਦੋਸ਼