ਖਿਮਾ ਯਾਚਨਾ ਪੱਤਰ ਦੇਣ ਨਾਲ ਅਕਾਲੀ ਦਲ ਦੀ ਸ਼ਾਖ ’ਤੇ ਦੁਬਾਰਾ ਕਦੇ ਬੂਰ ਨਹੀਂ ਪੈ ਸਕਦਾ: ਭਾਈ ਅਮਰੀਕ ਸਿੰਘ
Tuesday, Jul 02, 2024 - 11:37 PM (IST)
ਅੰਮ੍ਰਿਤਸਰ (ਸਰਬਜੀਤ) - ਸ਼੍ਰੋਮਣੀ ਅਕਾਲੀ ਦਲ ਦੀ ਦਿਨੋ ਦਿਨ ਵਿਗੜ ਰਹੀ ਹੋਂਦ ਨੂੰ ਵੇਖਦਿਆਂ ਜਿਹੜੇ ਪੱਲਾ ਛੁਡਾਉਣ ਨੂੰ ਫਿਰਦੇ ਹਨ, ਇਕ ਸਮੇਂ ਉਹ ਆਪ ਹੀ ਸੱਤਾ ਦੇ ਨਸ਼ੇ ਵਿਚ ਡੁੱਬੇ ਹੋਏ ਪੰਥ ਦੇ ਮੁੱਦਿਆਂ ਨੂੰ ਭੁੱਲ ਗਏ ਸਨ, ਜਿਸ ਕਰ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਬਹੁਤ ਜ਼ਿਆਦਾ ਥੱਲੇ ਚਲਾ ਗਿਆ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਬੀਤੇ ਦਿਨੀਂ ਕੁਝ ਅਕਾਲੀ ਆਗੂਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਮੁਆਫੀ ਪੱਤਰ ਦੇਣ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਜਦ ਪੰਥ ਵਿਚ ਅਕਾਲੀ ਦਲ ਦੀ ਸ਼ਾਖ ਖਤਮ ਹੋ ਚੁੱਕੀ ਹੈ ਤਾਂ ਇਹ ਲੋਕ ਉਸ ਸਾਖ ਦੀ ਮੁੜ ਤੋਂ ਬਹਾਲੀ ਲਈ ਡਰਾਮੇਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਰਜੀਤ ਕੌਰ ਦੀ ਫੇਰ ਪਲਟੀ, ਮੁੜ ਅਕਾਲੀ ਦਲ ਦਾ ਫੜਿਆ ਪੱਲਾ, ਦੁਪਹਿਰ ਵੇਲੇ 'ਆਪ' 'ਚ ਹੋਈ ਸੀ ਸ਼ਾਮਲ
ਭਾਈ ਅਜਨਾਲਾ ਨੇ ਕਿਹਾ ਕਿ ਬੀਤੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਲਈ ਪੂਰਾ ਅਕਾਲੀ ਦਲ ਸਮੂਹਿਕ ਤੌਰ ’ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅੱਜ ਗਲਤੀਆਂ ਦੀ ਮਾਫੀ ਮੰਗਣ ਵਾਲੇ ਉਸ ਸਮੇਂ ਰਾਜ ਪਾਠ ਭੋਗਣ ਵਿਚ ਇੰਨੇ ਕੁ ਵਿਅਸਤ ਸਨ ਕਿ ਇਨ੍ਹਾਂ ਨੂੰ ਸਮੇਂ ਦੀਆਂ ਹੋਈਆਂ ਗਲਤੀਆਂ ਬਾਰੇ ਸੁਝਾਵ ਨਹੀਂ ਆਉਂਦੇ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੀਤੀਆਂ ਵਧੀਕੀਆਂ, ਜਿਨ੍ਹਾਂ ਵਿਚ ਰਾਮ ਰਹੀਮ ਸਿਰਸੇ ਵਾਲੇ ਦਾ ਕੇਸ ਵਾਪਸ ਲੈਣਾ, ਉਸ ਨੂੰ ਸਜ਼ਾ ਤੋਂ ਬਚਾਉਣਾ ਅਤੇ ਕੋਟਕਪੁਰਾ ਕਾਂਡ ਤੋਂ ਬਾਅਦ ਬਹਿਬਲ ਕਲਾਂ ਵਿਖੇ ਸ਼ਾਂਤੀ ਪੂਰਵਕ ਵਾਹਿਗੁਰੂ ਦਾ ਨਾਮ ਜਪਣ ਵਾਲੇ ਸਿੱਖਾਂ ’ਤੇ ਗੋਲੀਆਂ ਚਲਾਉਣੀਆਂ ਅਤੇ ਉਸ ਤੋਂ ਬਾਅਦ ਉਸਦੇ ਦੋਸ਼ੀਆਂ ਨੂੰ ਵੀ ਮਾਫ ਕਰ ਦੇਣਾ, 84 ਕਾਂਡ ਤੋਂ ਕੁਝ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਹੋਈਆਂ ਵਧੀਕੀਆਂ ਦਾ ਅੱਜ ਵੀ ਸਿੱਖ ਕੌਮ ਵਿਚ ਭਾਰੀ ਰੋਸ ਹੈ, ਜੋ ਸ਼ਾਇਦ ਇਨ੍ਹਾਂ ਨੂੰ ਕਦੀ ਵੀ ਮਾਫ ਨਹੀਂ ਕਰੇਗੀ।
ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ’ਤੇ ਮਾਫੀ ਮੰਗਣ ਨਾਲ ਇਹ ਗਲਤੀਆਂ ਲੁਕ ਨਹੀਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅੱਜ ਦੇ ਪੰਥ ਦਰਦੀਆਂ ਨੇ ਉਸ ਸਮੇਂ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਜਿਸ ਲਈ ਪੂਰਾ ਅਕਾਲੀ ਦਲ ਹੀ ਜਵਾਬਦੇਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਇਨ੍ਹਾਂ ਅਕਾਲੀਆਂ ਦੀ ਮੁਆਫੀ ਦਾ ਕੋਈ ਅਧਾਰ ਨਹੀਂ ਹੈ। ਭਾਈ ਅਜਨਾਲਾ ਨੇ ਕਿਹਾ ਕਿ ਹੁਣ ਸਿੱਖ ਸੰਗਤਾਂ ਸੁਚੇਤ ਹੋ ਚੁੱਕੀਆਂ ਹਨ ਤੇ ਉਹ ਅਕਾਲੀਆਂ ਦੀ ਗਲਾਂ ਤੇ ਦਿਖਾਵਿਆਂ ਵਿਚ ਨਹੀ ਆਉਣਗੀਆਂ।
ਇਹ ਵੀ ਪੜ੍ਹੋ- 2.70 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e