ਆਪਣੀ ਹੋਂਦ ਬਚਾਉਣ ਲਈ ਖਹਿਰਾ ਕਰ ਰਿਹੈ ਮੌਕਾਪ੍ਰਸਤ ਰਾਜਨੀਤੀ : ਅਕਾਲੀ ਦਲ
Saturday, Jul 28, 2018 - 05:58 AM (IST)

ਚੰਡੀਗੜ੍ਹ(ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਾਰਾਜ਼ 'ਆਪ' ਆਗੂ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ ਮਗਰੋਂ ਸਿਆਸਤ 'ਚ ਆਪਣੀ ਹੋਂਦ ਬਚਾਈ ਰੱਖਣ ਲਈ 1984, ਨਸ਼ਿਆਂ ਤੇ ਭ੍ਰਿਸ਼ਟਾਚਾਰ ਉੱਤੇ ਮੌਕਾਪ੍ਰਸਤ ਰਾਜਨੀਤੀ ਕਰਨ ਵਾਸਤੇ ਸਖ਼ਤ ਨਿਖੇਧੀ ਕੀਤੀ ਹੈ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਭ੍ਰਿਸ਼ਟਾਚਾਰ ਦੀ ਪੈਦਾਇਸ਼ ਵਿਅਕਤੀ, ਜਿਹੜਾ ਰਾਤੋ-ਰਾਤ ਅਮੀਰ ਬਣਿਆ ਹੈ, ਦੀ ਆਪਣੀ ਹੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਹੁਣ ਸਿਧਾਂਤਾਂ ਤੇ ਭ੍ਰਿਸ਼ਟਾਚਾਰ ਖ਼ਿਲਾਫ ਲੜਾਈ ਦੀ ਗੱਲਾਂ ਕਰ ਰਿਹਾ ਹੈ। ਇਹ ਆਖਦਿਆਂ ਕਿ ਖਹਿਰਾ ਨੇ ਅੱਜ ਆਪਣੀ ਪ੍ਰੈੱਸ ਕਾਨਫਰੰਸ ਵਿਚ ਲੋਕਾਂ ਨੂੰ ਮੂਰਖ ਬਣਾਉਣ ਲਈ ਨਾਟਕ ਕੀਤਾ ਹੈ। ਗਰੇਵਾਲ ਨੇ ਆਪ ਆਗੂ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਕੀਤੇ ਜਾਣ ਮਗਰੋਂ ਵੀ ਉਹ ਕਾਂਗਰਸ ਪਾਰਟੀ ਵਿਚ ਕਿਉਂ ਟਿਕਿਆ ਰਿਹਾ ਤੇ ਸੱਜਣ ਤੇ ਟਾਈਟਲਰ ਵਰਗਿਆਂ ਨਾਲ ਬੈਠ ਕੇ ਸ਼ਰਾਬਾਂ ਅਤੇ ਖਾਣੇ ਛਕਦਾ ਰਿਹਾ?